ਨਵੀਂ ਦਿੱਲੀ : ਕਾਂਗਰਸ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਵਿਚ 21 ਜੂਨ ਨੂੰ ਟੀਕਿਆਂ ਦੀਆਂ 80 ਲੱਖ ਤੋਂ ਵੱਧ ਖ਼ੁਰਾਕਾਂ ਦਿਤੇ ਜਾਣ ਦੇ ਅਗਲੇ ਦਿਨ ਹੀ ਇਸ ਵਿਚ 40 ਫ਼ੀਸਦੀ ਕਮੀ ਆ ਗਈ ਅਤੇ ਭਾਰਤ ਦੁਨੀਆਂ ਦਾ ਇਕਲੌਤਾ ਦੇਸ਼ ਹੈ ਜਿਥੇ ਟੀਕਾਕਰਨ ਵਿਚ ਏਨੀ ਜ਼ਿਆਦਾ ਗਿਰਾਵਟ ਵੇਖੀ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਸਵਾਲ ਕੀਤਾ ਕਿ ਆਖਰ ਕਿਸ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮੱਧ ਪ੍ਰਦੇਸ਼ ਵਿਚ ਪਿਛਲੇ ਤਿੰਨ ਦਿਨਾਂ ਵਿਚ ਟੀਕਾਕਰਨ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, ‘ਮੱਧ ਪ੍ਰਦੇਸ਼ ਵਿਚ ਪਿਛਲੇ ਤਿੰਨ ਦਿਨਾਂ ਦੇ ਟੀਕਾਕਰਨ ਦਾ ਅੰਕੜਾ 20 ਜੂਨ ਨੂੰ 692 ਲੋਕਾਂ ਨੂੰ ਟੀਕਾ ਲੱਗਾ, 21 ਜੂਨ ਨੂੰ 16.93 ਲੱਖ ਲੋਕਾਂ ਨੂੰ ਟੀਕਾ ਲੱਗਾ ਅਤੇ 22 ਜੂਨ ਨੂੰ 4842 ਲੋਕਾਂ ਨੂੰ ਟੀਕਾ ਲੱਗਾ। ਅਸੀਂ ਕਿਸ ਨੂੰ ਮੂਰਖ ਬਣਾ ਰਹੇ ਹਾਂ? ਕਾਂਗਰਸ ਬੁਲਾਰੇ ਪਵਨ ਖੇੜਾ ਨੇ ਦਾਅਵਾ ਕੀਤਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁਨੀਆਂ ਦੇ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਲਈ ਖ਼ੁਦ ਦਾ ਧਨਵਾਦ ਕਰਵਾਉਣ ਦੇ 24 ਘੰਟਿਆਂ ਬਾਅਦ ਕੋਵਿਡ ਟੀਕਾਕਰਨ ਵਿਚ 40 ਫ਼ੀਸਦੀ ਦੀ ਕਮੀ ਆਈ। ਦੁਨੀਆਂ ਵਿਚ ਅਸੀਂ ਇਕਲੌਤੇ ਮੁਲਕ ਹਾਂ ਜਿਥੇ ਏਨੀ ਤੇਜ਼ ਗਿਰਾਵਟ ਵੇਖੀ ਗਈ ਹੈ। ਧਨਵਾਦ ਮੋਦੀ ਜੀ।’ ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤ ਨੇ 21 ਜੂਨ ਨੂੰ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 88.09 ਲੱਖ ਟੀਕੇ ਲੱਗਣ ਦੀ ‘ਇਤਿਹਾਸਕ ਪ੍ਰਾਪਤੀ’ ਕੀਤੀ ਅਤੇ ਕਰੀਬ 64 ਫ਼ੀਸਦੀ ਖ਼ੁਰਾਕਾਂ ਪੇਂਡੂ ਇਲਾਕਿਆਂ ਵਿਚ ਦਿਤੀਆਂ ਗਈਆਂ।