ਕਿਹਾ, ਮੈਂ ਆਮ ਅਦਮੀ ਪਾਰਟੀ ਦੇ ਕਿਸੇ ਨੇਤਾ ਨੂੰ ਕਦੀ ਮਿਲਿਆ ਵੀ ਨਹੀਂ
ਨਵੀਂ ਦਿੱਲੀ : ਭਾਰਤ ਦੀ ਰਾਜਧਾਨੀ ਦਿੱਲੀ ਦੀ ਸਰਹੱਦ ਉਤੇ ਕਿਸਾਨਾਂ ਦਾ ਸੰਘਰਸ਼ ਪਿਛਲੇ 7 ਮਹੀਨਿਆਂ ਤੋਂ ਚਲ ਰਿਹਾ ਹੈ ਅਤੇ ਇਸ ਵਿਚ ਸਮੇਂ ਸਮੇਂ ’ਤੇ ਕਈ ਮੋੜ ਆਏ ਹਨ। ਹੁਣ ਇਸੇ ਲੜੀ ਵਿਚ ਇਕ ਅਫ਼ਵਾਹ ਫੈਲ ਰਹੀ ਹੈ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ ਅਤੇ ਪੰਜਾਬ ਵਿਚ ਅਗਲੇ ਮੁੱਖ ਮੰਤਰੀ ਦੇ ਅਹੁੱਦੇ ਦੇ ਉਮੀਦਵਾਰ ਵੀ ਉਹੀ ਹੋਣਗੇ।
ਇਨ੍ਹਾਂ ਅਫ਼ਵਾਹਾਂ ਨੂੰ ਵਿਰਾਮ ਲਾਉਂਦੇ ਹੋਏ ਬਲਬੀਰ ਸਿੰਘ ਰਾਜੇਵਾਲ ਨੇ ਸਥਿਤੀ ਸਾਫ਼ ਕਰਨ ਲਈ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਪਰ ਪਵਾਈ ਹੈ। ਇਸ ਵੀਡੀਓ ਵਿਚ ਰਾਜੇਵਾਲ ਸਾਫ਼ ਸਾਫ਼ ਦਸ ਰਹੇ ਹਨ ਕਿ ‘ਮੈਂ ਆਮ ਆਦਮੀ ਪਾਰਟੀ ਤਾਂ ਕੀ ਕੋਈ ਵੀ ਸਿਆਸੀ ਪਾਰਟੀ ਵਿਚ ਜਾਣ ਬਾਰੇ ਨਹੀਂ ਸੋਚ ਸਕਦਾ ਕਿਉਂਕਿ ਮੇਰਾ ਟੀਚਾ ਸਿਰਫ਼ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣੀਆਂ ਹਨ।’ ਉਨ੍ਹਾਂ ਹੋਰ ਅੱਗੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਵਿਚ ਤਾਂ ਕੀ ਜਾਣਾ ਹੈ, ਮੈਂ ਅੱਜ ਤਕ ‘ਆਪ’ ਦੇ ਕਿਸੇ ਆਗੂ ਨੂੰ ਵੀ ਨਹੀਂ ਮਿਲਿਆ। ਰਾਜੇਵਾਲ ਨੇ ਆਪਣੀ ਗੱਲ ਜਾਰੀ ਰਖਦੇ ਹੋਏ ਅੱਗੇ ਕਿਹਾ ਕਿ ਇਹ ਸੱਭ ਕੇਂਦਰ ਦੀ ਮੋਦੀ ਸਰਕਾਰ ਦੀਆਂ ਚਾਲਾਂ ਹਨ ਕਿਉਂ ਕਿ ਮੋਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਕਰ ਕੇ ਬਹੁਤ ਦਬਾਉ ਵਿਚ ਚਲ ਰਹੀ ਹੈ ਅਤੇ ਉਹ ਵਾਰ ਵਾਰ ਅਜਿਹੀਆਂ ਅਫ਼ਵਾਹਾਂ ਉਡਾ ਰਹੇ ਹਨ ਤਾਂ ਜੋ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ। ਉਨ੍ਹਾਂ ਇਕ ਵਾਰ ਫਿਰ ਸਾਫ਼ ਸਾਫ਼ ਕਿਹਾ ਕਿ ਮੈਂ ਕਿਸੇ ਵੀ ਸਿਆਸੀ ਪਾਰਟੀ ਵਿਚ ਜਾਣ ਬਾਰੇ ਸੋਚ ਵੀ ਨਹੀਂ ਸਕਦਾ।