ਨਵੀਂ ਦਿੱਲੀ : ਰਿਲਾਇੰਸ ਜੀਓ ਅਤੇ ਗੂਗਲ ਦੀ ਭਾਈਵਾਲੀ ਵਿਚ ਬਣਿਆ ਨਵਾਂ ਸਮਾਰਟਫ਼ੋਨ ਜੀਓਫ਼ੋਨ ਨੈਕਸਟ ਵੀਰਵਾਰ ਨੂੰ ਲਾਂਚ ਹੋ ਗਿਆ। ਰਿਲਾਇੰਸ ਇੰਡਸਟਰੀਜ਼ ਦੀ 44ਵੀਂ ਸਾਲਾਨਾ ਆਮ ਸਭਾ ਵਿਚ ਚੇਅਰਮੈਨ ਮੁਕੇਸ਼ ਅੰਬਾਨੀ ਨੇ ਜੀਓਫ਼ੋਨ ਨੈਕਸਟ ਦਾ ਐਲਾਨ ਕੀਤਾ। ਨਵਾਂ ਸਮਾਰਟਫ਼ੋਲ ਜੀਓ ਅਤੇ ਗੂਗਲ ਦੇ ਫ਼ੀਚਰਜ਼ ਅਤੇ ਐਪਸ ਨਾਲ ਲੈਸ ਹੋਵੇਗਾ। ਐਂਡਰਾਇਡ ਆਧਾਰਤ ਇਸ ਸਮਾਰਟਫ਼ੋਨ ਦਾ ਆਪਰੇਟਿੰਗ ਸਿਸਟਮ ਜੀਓ ਅਤੇ ਗੂਗਲ ਨੇ ਮਿਲ ਕੇ ਬਣਾਇਆ ਹੈ। ਅੰਬਾਨੀ ਨੇ ਐਲਾਨ ਕੀਤਾ ਕਿ ਨਵਾਂ ਸਮਾਰਟਫ਼ੋਨ ਆਮ ਆਦਮੀ ਦੀ ਜੇਬ ਨੂੰ ਵੇਖ ਕੇ ਬਣਾਇਆ ਗਿਆ ਹੈ। ਇਹ ਬੇਹੱਦ ਸਸਤਾ ਵੀ ਹੋਵੇਗਾ। 10 ਸਤੰਬਰ ਯਾਨੀ ਗਣੇਸ਼ ਚਤੁਰਥੀ ਤੋਂ ਇਸ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਅੰਬਾਨੀ ਨੇ ਕਿਹਾ ਕਿ ਦੇਸ਼ ਨੂੰ 2ਜੀ ਮੁਕਤ 5ਜੀ ਯੁਕਤ ਬਣਾਉਣਾ ਸਾਡਾ ਟੀਚਾ ਹੈ। ਇਸ ਸਮਾਰਟ ਫ਼ੋਨ ਵਿਚ ਬੇਹਤਰੀਨ ਕੈਮਰਾ ਅਤੇ ਐਂਡਰਾਇਡ ਅਪਡੇਟ ਵੀ ਮਿਲਣਗੇ। ਕਈ ਵਿਸ਼ੇਸ਼ਤਾਈਆਂ ਵਾਲੇ ਇਸ ਫ਼ੋਨ ਨੂੰ ਮੁਕੇਸ਼ ਅੰਬਾਨੀ ਨੇ ਭਾਰਤ ਦਾ ਹੀ ਨਹੀਂ ਸਗੋਂ ਦੁਨੀਆਂ ਦਾ ਸਭ ਤੋਂ ਸਸਤਾ ਸਮਾਰਟਫ਼ੋਨ ਦਸਿਆ। ਹਾਲਾਂਕਿ ਇਸ ਦੀ ਕੀਮਤ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿਤੀ ਗਈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਦੀ ਕੀਮਤ ਕਾਫ਼ੀ ਘੱਟ ਰੱਖੀ ਗਈ ਹੈ। ਇਹ ਉਨ੍ਹਾਂ 30 ਕਰੋੜ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ ਕਿ ਜਿਨ੍ਹਾਂ ਦੇ ਹੱਥ ਵਿਚ ਹਾਲੇ ਵੀ 2ਜੀ ਮੋਬਾਈਲ ਸੈਟ ਹੈ। ਤੇਜ਼ ਸਪੀਡ, ਵਧੀਆ ਆਪਰੇਟਿੰਗ ਸਿਸਮਟ ਅਤੇ ਕਿਫ਼ਾਇਤੀ ਕੀਮਤ ’ਤੇ ਜੀਓ ਤੇ ਗੂਗਲ ਦਾ ਇਹ ਨਵਾਂ ਫ਼ੋਨ ਰਿਲਾਇੰਸ ਜੀਓ ਨਾਲ ਕਰੋੜਾਂ ਗਾਹਕਾਂ ਨੂੰ ਜੋੜ ਸਕਦਾ ਹੈ।