ਨਵੀਂ ਦਿੱਲੀ : ਰਵਾਇਤ ਅਤੇ ਤਕਨੀਕ ਨੂੰ ‘ਆਤਮਨਿਰਭਰ ਭਾਰਤ’ ਮੁਹਿੰਮ ਦੀ ਵੱਡੀ ਤਾਕਤ ਦਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਾਰ ਖਿਡੌਣਾ ਬਾਜ਼ਾਰ ਵਿਚ ਭਾਰਤ ਦੀ ਹਿੱਸੇਦਾਰੀ ਦਾ ਸੱਦਾ ਦਿਤਾ। ਟੁਆਏਕੈਥਨ 2021 ਦੇ ਮੁਕਾਬਲਾਕਾਰਾਂ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਗੱਲਬਾਤ ਕਰਨ ਦੇ ਬਾਅਦ ਅਪਣੇ ਸੰਬੋਧਨ ਵਿਚ ਮੋਦੀ ਨੇ ਕਿਹਾ ਕਿ ਭਾਰਤ ਦੀ ਮੌਜੂਦਾ ਸਥਿਤੀ, ਉਸ ਦੀ ਕਲਾ, ਸਭਿਆਚਾਰ ਅਤੇ ਭਾਰਤੀ ਸਮਾਜ ਨੂੰ ਅੱਜ ਦੁਨੀਆਂ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝਣਾ ਚਾਹੁੰਦੀ ਹੈ ਅਤੇ ਇਸ ਵਿਚ ਖਿਡੌਣੇ ਅਤੇ ਗੇਮਿੰਗ ਉਦਯੋਗ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ, ‘ਸੰਸਾਰ ਖਿਡੌਣਾ ਬਾਜ਼ਾਰ ਕਰੀਬ 100 ਅਰਬ ਡਾਲਰ ਦਾ ਹੈ। ਇਸ ਵਿਚ ਭਾਰਤ ਦੀ ਹਿੱਸੇਦਾਰੀ ਸਿਰਫ਼ ਡੇਢ ਅਰਬ ਡਾਲਰ ਦੇ ਨੇੜੇ-ਤੇੜੇ ਹੈ। ਅਸੀਂ ਅਪਣੀ ਲੋੜ ਦੇ ਵੀ ਲਗਭਗ 80 ਫ਼ੀਸਦੀ ਖਿਡੌਣੇ ਆਯਾਤ ਕਰਦੇ ਹਾਂ। ਯਾਨੀ ਇਨ੍ਹਾਂ ’ਤੇ ਦੇਸ਼ ਦੇ ਕਰੋੜਾਂ ਰੁਪਏ ਬਾਹਰ ਜਾ ਰਹੇ ਹਨ। ਇਸ ਸਥਿਤੀ ਨੂੰ ਬਦਲਣਾ ਜ਼ਰੂਰੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬਾਜ਼ਾਰ ਵਿਚ ਉਪਲਭਧ ਜ਼ਿਆਦਾਤਰ ਆਨਲਾਈਨ ਜਾਂ ਡਿਜੀਟਲ ਗੇਮ ਦਾ ਵਿਚਾਰ ਭਾਰਤੀ ਹੈ ਅਤੇ ਇਨ੍ਹਾਂ ਵਿਚ ਜ਼ਿਆਦਾਤਰ ਜਾਂ ਤਾਂ ਹਿੰਸਾ ਨੂੰ ਹੱਲਾਸ਼ੇਰੀ ਦਿੰਦੇ ਹਨ ਜਾਂ ਫਿਰ ਮਾਨਸਿਕ ਦਬਾਅ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ, ‘ਸਾਡਾ ਧਿਆਨ ਅਜਿਹੇ ਖਿਡੌਣਿਆਂ ਅਤੇ ਖੇਡਾਂ ਦਾ ਨਿਰਮਾਣ ਕਰਨ ’ਤੇ ਵੀ ਹੋਵੇ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਭਾਰਤੀਯਤਾ ਦਾ ਹਰ ਪੱਖ ਰੌਚਕ ਤਰੀਕੇ ਨਾਲ ਦੱਸੇ। ਸਾਡੇ ਖਿਡੌਣੇ ਅਤੇ ਖੇਡ ਮਨੋਰੰਜਨ ਵੀ ਕਰਨ, ਬੱਚਿਆਂ ਨੂੰ ਰੁਝੇਵਿਆਂ ਵਿਚ ਰੱਖੋ ਅਤੇ ਉਨ੍ਹਾਂ ਨੂੰ ਸਿਖਿਅਤ ਵੀ ਕਰੋ।’