ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਸਬੰਧੀ 8 ਪਾਰਟੀਆਂ ਦੇ 14 ਆਗੂਆਂ ਨਾਲ ਕਰੀਬ 3 ਘੰਟੇ ਤਕ ਬੈਠਕ ਕੀਤੀ। ਪ੍ਰਧਾਨ ਮੰਤਰੀ ਦੇ ਘਰ ਹੋਈ ਬੈਠਕ ਵਿਚ ਮੋਦੀ ਨੇ ਸੰਦੇਸ਼ ਦਿਤਾ ਕਿ ਜੰਮੂ ਕਸ਼ਮੀਰ ਤੋਂ ਦਿੱਲੀ ਅਤੇ ਦਿਲ ਦੀ ਦੂਰੀ ਘੱਟ ਹੋਵੇਗੀ। ਉਨ੍ਹਾਂ ਸੂਬੇ ਵਿਚ ਸੀਟਾਂ ਦੀ ਹੱਦਬੰਦੀ ਸਬੰਧੀ ਪਰਸਿਮਨ ਪੈਨਲ ਦਾ ਕੰਮ ਖ਼ਤਮ ਹੋਣ ਦੇ ਬਾਅਦ ਜਲਦ ਹੀ ਵਿਧਾਨ ਸਭਾ ਚੋਣਾਂ ਕਰਾਏ ਜਾਣ ਦੀ ਗੱਲ ਵੀ ਕਹੀ ਅਤੇ ਆਗੂਆਂ ਨੂੰ ਇਹ ਵੀ ਕਿਹਾ ਕਿ ਉਹ ਇਸ ਪ੍ਰਕ੍ਰਿਆ ਵਿਚ ਸ਼ਾਮਲ ਹੋਣ।
ਉਨ੍ਹਾਂ ਕਿਹਾ ਕਿ ਸੂਬੇ ਨੂੰ ਚੌਤਰਫ਼ਾ ਤਰੱਕੀ ’ਤੇ ਲਿਜਾਣ ਦੀ ਲੋੜ ਹੈ। ਉਨ੍ਹਾਂ ਸੂਬੇ ਲਈ ਵਿਕਾਸ ਦਾ ਖਾਕਾ ਪੇਸ਼ ਕੀਤਾ। ਬੈਠਕ ਵਿਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਸਮੇਤ ਗੁਪਕਾਰ ਅਲਾਇੰਸ ਦੇ ਵੱਡੇ ਨੇਤਾ ਵੀ ਮੌਜੂਦ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਵੀ ਬੈਠਕ ਵਿਚ ਸ਼ਾਮਲ ਹੋਏ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਸੀ ਮਤਭੇਦ ਹੋਣਗੇ ਪਰ ਸਾਰਿਆਂ ਨੂੰ ਦੇਸ਼ ਹਿੱਤ ਵਿਚ ਕੰਮ ਕਰਨਾ ਚਾਹੀਦਾ ਹੈ ਤਾਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਫ਼ਾਇਦਾ ਹੋਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਸਾਰਿਆਂ ਲਈ ਸੁਰੱਖਿਆ ਅਤੇ ਸੁਰੱਖਿਆ ਦਾ ਮਾਹੌਲ ਯਕੀਨੀ ਕਰਨ ਦੀ ਲੋੜ ਹੈ। ਉਮਰ ਅਬਦੁੱਲਾ ਨੇ ਕਿਹਾ ਕਿ ਉਹ ਧਾਰਾ 370 ਬਹਾਲ ਕਰਾਉਣ ਲਈ ਅਦਾਲਤ ਵਿਚ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਿਲ ਦੀ ਦੂਰੀ ਘਟਾਉਣਾ ਚਾਹੁੰਦੇ ਹਨ ਪਰ ਇਕ ਮੁਲਾਕਾਤ ਨਾ ਤਾਂ ਦਿਲ ਦੀ ਦੂਰੀ ਘਟਾ ਸਕਦੀ ਹੈ ਤੇ ਨਾ ਹੀ ਦਿੱਲੀ ਦੀ ਦੂਰੀ ਘਟਾ ਸਕਦੀ ਹੈ। ਇਸ ਮੀਟਿੰਗ ਤੋਂ ਉਮੀਦ ਕਰਨਾ ਗਲਤਫ਼ਹਿਮੀ ਹੋਵੇਗੀ। ਇਸ ਤੋਂ ਪਹਿਲਾਂ ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੰਮੂ ਕਸ਼ਮੀਰ ਸਬੰਧੀ ਬੁਲਾਈ ਗਈ ਸਰਬਪਾਰਟੀ ਬੈਠਕ ਵਿਚ ਜਾਣ ਤੋਂ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ ਪ੍ਰਮੁੱਖ ਕਾਂਗਰਸ ਆਗੂਆਂ ਨੇ ਪਾਰਟੀ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨਾਲ ਬੈਠਕ ਕੀਤੀ। ਕਾਂਗਰਸ ਸੂਤਰਾਂ ਮੁਤਾਬਕ ਆਜ਼ਾਦ ਦੇ ਸਰਕਾਰੀ ਘਰ ਵਿਚ ਹੋਈ ਬੈਠਕ ਵਿਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗ਼ੁਲਾਮ ਅਹਿਮਦ ਮੀਰ ਅਤੇ ਸਾਬਕਾ ਮੰਤਰੀ ਤਾਰਾ ਚੰਦ ਸ਼ਾਮਲ ਹੋਏ।