ਅਹਿਮਦਾਬਾਦ : ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਬਾਲੀਵੁਡ ਅਦਾਕਾਰਾ ਪਾਇਲ ਰੋਹਤਗੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਉਤੇ ਦੋਸ਼ ਹੈ ਕਿ ਉਸ ਨੇ ਸੁਸਾਇਟੀ ਦੇ ਚੇਅਰਮੈਨ ਨਾਲ ਝਗੜਾ ਹੋਣ ਦੇ ਬਾਅਦ ਸੋਸ਼ਲ ਮੀਡੀਆ ਵਿਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਸੀ। ਹਾਲਾਂਕਿ ਬਾਅਦ ਵਿਚ ਪੋਸਟ ਡਿਲੀਟ ਕਰ ਦਿਤੀ ਸੀ। ਪਾਇਲ ’ਤੇ ਸੁਸਾਇਟੀ ਦੇ ਚੇਅਰਮੈਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਅਤੇ ਸੁਸਾਇਟੀ ਦੇ ਲੋਕਾਂ ਨਾਲ ਛੋਟੀਆਂ ਛੋਟੀਆਂ ਗੱਲਾਂ ’ਤੇ ਲੜਨ ਦਾ ਵੀ ਦੋਸ਼ ਹੈ।
ਸੁਸਾਇਟੀ ਵਾਲਿਆਂ ਨੇ ਸ਼ਿਕਾਇਤ ਵਿਚ ਕਿਹਾ ਕਿ 20 ਜੂਨ ਨੂੰ ਸੁਸਾਇਟੀ ਵਿਚ ਮੀਟਿੰਗ ਹੋਈ ਸੀ। ਰੋਹਤਗੀ ਇਸ ਮੀਟਿੰਗ ਦੀ ਮੈਂਬਰ ਨਹੀਂ ਸੀ। ਇਸ ਦੇ ਬਾਵਜੂਦ ਉਹ ਮੀਟਿੰਗ ਵਿਚ ਪਹੁੰਚ ਗਈ ਅਤੇ ਬੋਲਣ ਲੱਗੀ। ਜਦ ਚੇਅਰਮੈਨ ਨੇ ਉਸ ਨੂੰ ਟੋਕਿਆ ਤਾਂ ਉਹ ਸਾਰਿਆਂ ਦੇ ਸਾਹਮਣੇ ਹੀ ਚੇਅਰਮੈਨ ਨੂੰ ਗਾਲਾਂ ਕੱਢਣ ਲੱਗੀ। ਫਿਰ ਉਸ ਨੇ ਅਪਣੀ ਭੜਾਸ ਸੋਸ਼ਲ ਮੀਡੀਆ ਵਿਚ ਕੱਢੀ। ਇਕ ਪੋਟ ਵਿਚ ਚੇਅਰਮੈਨ ਦਾ ਨਾਮ ਲਿਖਦੇ ਹੋਏ ਉਸ ਵਿਰੁਧ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਸੀ। ਪਾਇਲ ਨੇ ਲਿਖਿਆ ਸੀ ਕਿ ਚੇਅਰਮੈਨ ਕੋਈ ਫ਼ੈਮਲੀ ਪਲਾਨਿੰਗ ਨਹੀਂ ਕਰਦਾ। ਸਾਡੇ ਪਰਵਾਰ ਲਈ ਕੁਝ ਸੋਚਦਾ ਹੀ ਨਹੀਂ ਹੈ। ਇਹ ਸਾਡੀ ਸੁਸਾਇਟੀ ਵਿਚ ਬਸ ਗੁੰਡਾਗਰਦੀ ਕਰਦਾ ਹੈ। ਪੇਸ਼ੇ ਤੋਂ ਡਾਕਟਰ ਜੈਯੇਸ਼ ਮੁਤਾਬਕ ਪਾਇਲ ਰੋਹਤਗੀ ਦਾ ਰਵਈਆ ਬਿਲਕੁਲ ਵੀ ਸਭਿਅਕ ਨਹੀਂ ਰਹਿੰਦਾ। ਉਹ ਅਕਸਰ ਲੜਦੀ ਰਹਿੰਦੀ ਹੈ। ਬੱਚਿਆਂ ਨੂੰ ਵੀ ਨਹੀਂ ਬਖ਼ਸ਼ਦੀ। ਬੱਚਿਆਂ ਨੂੰ ਕਹਿੰਦੀ ਹੈ ਕਿ ਜੇ ਆਵਾਜ਼ ਆਈ ਤਾਂ ਹੇਠਾਂ ਆ ਕੇ ਟੰਗਾਂ ਤੋੜ ਦਿਆਂਗੀ।