ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਹੈ ਕਿ ਇਹ ਅਜੀਬੋ-ਗ਼ਰੀਬ ਗੱਲ ਹੈ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਵਿਚ ਪਹਿਲਾਂ ਚੋਣਾਂ ਕਰਾਉਣਾ ਚਾਹੁੰਦੀ ਹੈ ਅਤੇ ਫਿਰ ਮੁਕੰਮਲ ਰਾਜ ਦਾ ਦਰਜਾ ਬਹਾਲ ਕਰਨਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਅਤੇ ਜੰਮੂ ਕਸ਼ਮੀਰ ਦੀਆਂ ਦੂਜੀਆਂ ਪਾਰਟੀਆਂ ਚਾਹੁੰਦੀਆਂ ਹਨ ਕਿ ਪਹਿਲਾਂ ਪੂਰਨ ਰਾਜ ਦਾ ਦਰਜਾ ਬਹਾਲ ਕੀਤਾ ਜਾਵੇ ਅਤੇ ਫਿਰ ਚੋਣਾਂ ਕਰਾਈਆਂ ਜਾਣ।
ਸਾਬਕਾ ਗ੍ਰਹਿ ਮੰਤਰੀ ਨੇ ਟਵਿਟਰ ’ਤੇ ਕਿਹਾ, ‘ਕਾਂਗਰਸ ਅਤੇ ਜੰਮੂ ਕਸ਼ਮੀਰ ਦੀਆਂ ਪਾਰਟੀਆਂ ਅਤੇ ਆਗੂ ਪਹਿਲਾਂ ਮੁਕੰਮਲ ਰਾਜ ਦਾ ਦਰਜਾ ਚਾਹੁੰਦੇ ਹਨ ਅਤੇ ਫਿਰ ਚੋਣਾਂ ਚਾਹੁੰਦੇ ਹਨ। ਸਰਕਾਰ ਦਾ ਜਵਾਬ ਹੈ ਕਿ ਪਹਿਲਾਂ ਚੋਣਾਂ ਅਤੇ ਫਿਰ ਪੂਰਨ ਰਾਜ ਦਾ ਦਰਜਾ ਦਿਤਾ ਜਾਵੇਗਾ।’ ਚਿਦੰਬਰਮ ਨੇ ਕਿਹਾ, ‘ਘੋੜਾ ਗੱਡੀ ਨੂੰ ਖਿੱਚਦਾ ਹੈ। ਪੂਰਨ ਰਾਜ ਵਿਚ ਚੋਣਾਂ ਕਰਾਉਣੀਆਂ ਚਾਹੀਦੀਆਂ ਹਨ। ਇਸ ਸਥਿਤੀ ਵਿਚ ਹੀ ਚੋਣਾਂ ਨਿਰਪੱਖ ਅਤੇ ਆਜ਼ਾਦ ਹੋਣਗੀਆਂ। ਸਰਕਾਰ ਕਿਉਂ ਚਾਹੁੰਦੀ ਹੈ ਕਿ ਗੱਡੀ ਅੱਗੇ ਹੋ ਜਾਵੇ ਅਤੇ ਘੋੜਾ ਪਿੱਛੇ। ਇਹ ਅਜੀਬ ਗੱਲ ਹੈ।’ ਪਿਛਲੇ ਲਗਭਗ ਦੋ ਸਾਲ ਵਿਚ ਪਹਿਲੀ ਵਾਰ ਜੰਮੂ ਕਸ਼ਮੀਰ ਦੇ ਰਾਜਨੀਤਕ ਲੀਡਰਸ਼ਿਪ ਨਾਲੀ ਗੱਲਬਾਤ ਦਾ ਹੱਥ ਵਧਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਭਵਿੱਖ ਦੀ ਰਣਨੀਤੀ ਦਾ ਖਾਕਾ ਤਿਆਰ ਕਰਨ ਲਈ ਵੀਰਵਾਰ ਨੂੰ ਇਥੋਂ ਦੇ 14 ਆਗੂਆਂ ਨਾਲ ਅਹਿਮ ਬੈਠਕ ਕੀਤੀ।