ਨਵੀਂ ਦਿੱਲੀ : ਸੰਯੁਕਤ ਅਰਬ ਅਮੀਰਾਤ ਵਿਚ ਰਹਿਣ ਵਾਲੇ ਭਾਰਤੀ ਕਾਰੋਬਾਰੀ ਐਸ ਪੀ ਸਿੰਘ ਓਬਰਾਏ ਉਸ ਸਮੇਂ ਹੈਰਾਨ ਰਹਿ ਗਏ ਜਦ ਅੰਮ੍ਰਿਤਸਰ ਤੋਂ ਦੁਬਾਈ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਵਿਚ ਇਕਨਾਮੀ ਕਲਾਸ ਦੀ ਟਿਕਟ ’ਤੇ ਯਾਤਰਾ ਕਰਨ ਦੌਰਾਨ ਉਨ੍ਹਾਂ ਅਪਣੇ ਆਪ ਨੂੰ ਇਕੱਲਾ ਵੇਖਿਆ। ਓਬਰਾਏ ਬੁਧਵਾਰ ਤੜਕੇ 3.45 ਵਜੇ ਅੰਮ੍ਰਿਤਸਰ ਤੋਂ ਉਡਾਣ ਵਾਲੀ ਏਅਰ ਇੰਡੀਆ ਦੀ ਫ਼ਲਾਈਟ ਵਿਚ ਇਕਲੌਤੇ ਯਾਤਰੀ ਸਨ। ਦੁਬਈ ਜਾਣ ਵਾਲੇ ਇਸ ਜਹਾਜ਼ ਵਿਚ ਉਨ੍ਹਾਂ ਤਿੰੰਨ ਘੰਟੇ ਦਾ ਸਫ਼ਰ ਤੈਅ ਕੀਤਾ। ਓਬਰਾਏ ਕੋਲ ਗੋਲਡਨ ਵੀਜ਼ਾ ਹੈ ਜਿਸ ਨਾਲ ਉਨ੍ਹਾਂ ਨੂੰ ਸੰਯੁਕਤ ਅਰਬ ਅਮੀਰਾਤ ਵਿਚ 10 ਸਾਲ ਤਕ ਰਹਿਣ ਦੀ ਮਨਜ਼ੂਰੀ ਮਿਲ ਗਈ। ਉਡਾਨ ਦੌਰਾਨ ਉਨ੍ਹਾਂ ਚਾਲਕ ਦਲ ਦੇ ਮੈਂਬਰਾਂ ਨਾਲ ਤਸਵੀਰਾਂ ਖਿਚਵਾਈਆਂ। ਸਵਾਰੀਆਂ ਦੀ ਘਾਟ ਕਾਰਨ ਪਿਛਲੇ ਪੰਜ ਹਫ਼ਤਿਆਂ ਵਿਚ ਇਹ ਤੀਜੀ ਵਾਰ ਹੈ ਜਦ ਦੁਬਈ ਜਾਣ ਵਾਲੇ ਜਹਾਜ਼ ਵਿਚ ਕੇਵਲ ਇਕ ਹੀ ਯਾਤਰੀ ਮੌਜੂਦ ਸੀ। ਮੁੰਬਈ ਤੋਂ ਦੁਬਈ ਜਾਣ ਵਾਲੇ ਇਕ ਜਹਾਜ਼ ਵਿਚ 19 ਮਈ ਨੂੰ 40 ਸਾਲਾ ਭਾਵੇਸ਼ ਜਾਵੇਰੀ ਨਾਮ ਦਾ ਹੀ ਇਕਲੌਤਾ ਯਾਤਰੀ ਸਵਾਰ ਸੀ। ਤਿੰਨ ਦਿਨਾਂ ਬਾਅਦ ਓਸਵਾਲਡ ਰੋਡਰਿਗਜ਼ ਨਾਮ ਦੇ ਇਕ ਹੋਰ ਸ਼ਖ਼ਸ ਨੇ ਏਅਰ ਇੰਡੀਅਠਾ ਦੇ ਜਹਾਜ਼ ਵਿਚ ਮੁੰਬਈ ਤੋਂ ਦੁਬਈ ਦੀ ਯਾਤਰਾ ਇਕੱਲਿਆਂ ਕੀਤੀ। ਮਹਾਂਮਾਰੀ ਤੋਂ ਪਹਿਲਾਂ ਜ਼ਿਆਦਾ ਮੰਗ ਕਾਰਨ ਭਾਰਤ ਤੋਂ ਦੁਬਈ ਜਾਣ ਵਾਲੇ ਜਹਾਜ਼ ਵਿਚ ਬਹੁਤ ਲੋਕ ਉਡਾਨ ਭਰਦੇ ਸਨ। ਮਹਾਂਮਾਰੀ ਦੇ ਬਾਅਦ ਤੋਂ ਇਸ ਮਾਰਗ ’ਤੇ ਯਾਤਰੀਆਂ ਦੀ ਗਿਣਤੀ ਬੇਹੱਦ ਘੱਟ ਗਈ ਹੈ।