ਨਵੀਂ ਦਿੱਲੀ : ਕੇਂਦਰੀ ਸੰਚਾਰ ਅਤੇ ਸੂਚਨਾ ਤਕਨੀਕ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਟਵਿਟਰ ਖਾਤਾ ਸ਼ੁਕਰਵਾਰ ਨੂੰ ਇਕ ਘੰਟੇ ਤਕ ਬੰਦ ਕਰ ਦਿਤਾ ਗਿਆ। ਅਕਾਊਂਟ ਤਕ ਪਹੁੰਚ ਇਕ ਘੰਟੇ ਤਕ ਬੰਦ ਰੱਖੀ ਗਈ ਅਤੇ ਇਸ ਲਈ ਅਮਰੀਕਾ ਦੇ ਆਈ. ਟੀ. ਕਾਨੂੰਨ ਦੀ ਉਲੰਘਣਾ ਦਾ ਹਵਾਲਾ ਦਿਤਾ ਗਿਆ। ਟਵਿਟਰ ਨੇ ਪਹਿਲਾ ਇਹ ਕਾਰਨ ਦਸਿਆ ਜਿਸ ਕਾਰਨ ਖਾਤਾ ਬੰਦ ਕਰ ਦਿਤਾ ਗਿਆ। ਦੂਜੀ ਟਿਪਣੀ ਵਿਚ ਅਕਾਊਂਟ ਖੁਲ੍ਹ ਜਾਣ ਦੀ ਜਾਣਕਾਰੀ ਦਿਤੀ ਗਈ।
ਟਵਿਟਰ ਨੇ ਕਿਹਾ, ‘ਤੁਹਾਡਾ ਅਕਾਊਂਟ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਤੁਹਾਡੇ ਇਕ ਕੰਟੈਂਟ ਦੀ ਪੋਸਟਿੰਗ ਨੂੰ ਲੈ ਕੇ ਸਾਨੂੰ ਡਿਜੀਟਲ ਮਿਲੇਨੀਅਮ ਕਾਪੀਰਾਈਟ ਐਕਟ ਤਹਿਤ ਸ਼ਿਕਾਇਤ ਮਿਲੀ ਹੈ।’ ਟਵਿਟਰ ਨੇ ਕਿਹਾ ਕਿ ਅਸੀਂ ਕਾਪੀਰਾਈਟ ਨਿਯਮਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹਾਂ। ਉਧਰ, ਸੂਚਨਾ ਤੇ ਤਕਨੀਕ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅਪਣੇ ਖਾਤੇ ਨੂੰ ਬੰਦ ਰੱਖੇ ਜਾਣ ਬਾਰੇ ਕਿਹਾ ਕਿ ਇਹ ਆਪਹੁਦਰੇਪਣ ਦੀ ਹੱਦ ਹੈ। ਉਨ੍ਹਾਂ ਕਿਹਾ ਕਿ ਜੇ ਟਵਿਟਰ ਨੇ ਭਾਰਤ ਵਿਚ ਕੰਮ ਕਰਨਾ ਹੈ ਤਾਂ ਉਸ ਨੂੰ ਭਾਰਤ ਦੇ ਕਾਨੂੰਨਾਂ ਨੂੰ ਮੰਨਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਇਥੋਂ ਪਤਾ ਚਲਦਾ ਹੈ ਕਿ ਉਹ ਆਈ.ਟੀ. ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕਰਨਾ ਚਾਹੁੰਦੇ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਕਾਨੂੰਨਾਂ ਦਾ ਹਵਾਲਾ ਦੇ ਕੇ ਟਵਿਟਰ ’ਤੇ ਸ਼ਿਕੰਜਾ ਕਸਿਆ ਹੋਇਆ ਹੈ। ਸਰਕਾਰ ਦਾ ਕਹਿਣਾ ਹੈ ਕਿ ਸਾਰੇ ਸੋਸ਼ਲ ਮੀਡੀਆ ਮੰਚਾਂ ਨੂੰ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ।