ਬਰੇਲੀ : ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਸਰਕਾਰ ਜਨਤਕ ਥਾਵਾਂ ’ਤੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕਰ ਰਹੀ ਹੈ ਪਰ ਯੂਪੀ ਦੇ ਬਰੇਲੀ ਵਿਚ ਮਾਸਕ ਨਾ ਪਾਉਣ ਕਾਰਨ ਇਕ ਸ਼ਖ਼ਸ ਨਾਲ ਜੋ ਹੋਇਆ, ਉਸ ਨੇ ਸਭ ਨੂੰ ਸੁੰਨ ਕਰ ਦਿਤਾ। ਬੈਂਕ ਵਿਚ ਮਾਸਕ ਨਾ ਪਾਉਣ ਕਾਰਨ ਗਾਰਡ ਨੇ ਸਰਕਾਰੀ ਮੁਲਾਜ਼ਮ ਨੂੰ ਗੋਲੀ ਮਾਰ ਦਿਤੀ। ਬਰੇਲੀ ਕੋਤਵਾਲੀ ਖੇਤਰ ਵਿਚ ਰੇਲਵੇ ਕਰਮਚਾਰੀ ਰਾਜੇਸ਼ ਬੈਂਕ ਆਫ਼ ਬੜੌਦਾ ਵਿਚ ਕਿਸੇ ਕੰਮ ਲਈ ਆਇਆ ਤਾਂ ਉਸ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਗਾਰਡ ਨੇ ਉਸ ਨੂੰ ਮਾਸਕ ਪਾਉਣ ਲਈ ਕਿਹਾ ਪਰ ਦੋਹਾਂ ਵਿਚਾਲੇ ਬਹਿਸ ਹੋ ਗਈ। ਗੁੱਸਾ ਏਨਾ ਵਧ ਗਿਆ ਕਿ ਗਾਰਡ ਨੇ ਉਸ ਨੂੰ ਗੋਲੀ ਮਾਰ ਦਿਤੀ। ਮੁਲਜ਼ਮ ਗਾਰਡ ਦਾ ਨਾਮ ਕੇਸ਼ਵ ਹੈ। ਗੋਲੀ ਰਾਜੇਸ਼ ਦੇ ਪੈਰ ਵਿਚ ਲੱਗੀ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਬਰੇਲੀ ਪੁਲਿਸ ਨੇ ਟਵਿਟਰ ਰਾਹੀਂ ਇਹ ਜਾਣਕਾਰੀ ਦਿਤੀ ਕਿ ਬਹਿਸ ਹੋਣ ਕਾਰਨ ਗਾਰਡ ਨੇ ਗਾਹਕ ਦੇ ਪੈਰ ਵਿਚ ਗੋਲੀ ਮਾਰ ਦਿਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਫ਼ੌਜੀ ਗਾਰਡ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ। ਪੁੱਛਗਿਛ ਵਿਚ ਗਾਰਡ ਨੇ ਜਾਣਬੁਝ ਕੇ ਗੋਲੀ ਚਲਾਉਣ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ ਕਿ ਉਹ ਰਾਜੇਸ਼ ਨੂੰ ਮਾਸਕ ਪਾਉਣ ਲਈ ਕਹਿ ਰਿਹਾ ਸੀ ਪਰ ਉਹ ਅਜਿਹਾ ਕਰਨ ਤੋਂ ਇਨਕਾਰੀ ਸੀ।