ਮੁੰਬਈ : ਬੀਤੀ ਸ਼ਾਮ ਮੁੰਬਈ ਦੇ ਹੋਟਲ ਤਾਜ ਵਿਚ ਇਕ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਹੋਟਲ ਦੇ ਪਿਛਲੇ ਗੇਟ ‘ਤੇ ਸੁਰੱਖਿਆ ਵਧਾ ਦਿੱਤੀ ਜਾਵੇ, ਕਿਉਂਕਿ ਬੰਦੂਕਾਂ ਨਾਲ ਲੈਸ ਦੋ ਲੋਕ ਅੰਦਰ ਦਾਖਲ ਹੋਣ ਜਾ ਰਹੇ ਹਨ। ਇਸ ਫੋਨ ਤੋਂ ਬਾਅਦ ਇਕ ਸਿਕਿਓਰਿਟੀ ਚੇਤਾਵਨੀ ਦਿੱਤੀ ਗਈ। ਸਾਰੇ ਐਂਟਰੀ ਅਤੇ ਐਗਜ਼ਿਟ ਗੇਟਾਂ ਦੀ ਸੁਰੱਖਿਆ ਸਖਤ ਕਰਦਿਆਂ ਸਥਾਨਕ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁੰਬਈ ਸਾਈਬਰ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਅਤੇ ਜਲਦੀ ਹੀ ਪਤਾ ਲੱਗ ਗਿਆ ਕਿ ਇਹ ਇਕ ਫਰਜ਼ੀ ਕਾਲ ਸੀ ਅਤੇ ਇਕ 14 ਸਾਲਾ ਲੜਕੇ ਨੇ ‘ਪ੍ਰੈੰਕ’ ਕਰਨ ਲਈ ਅਜਿਹਾ ਕੀਤਾ ਸੀ। ਲੜਕਾ ਮਹਾਰਾਸ਼ਟਰ ਦੇ ਕਰਾਡ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਉਸ ਤੋਂ ਅਤੇ ਉਸਦੇ ਪਿਤਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਸਮੇਂ ਤਾਜ ਹੋਟਲ ਸਿਰਫ ਕੋਵਿਡ ਮਰੀਜ਼ਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਲਈ ਖੋਲ੍ਹਿਆ ਗਿਆ ਹੈ। ਇੱਥੇ ਰਸੋਈ ਵਿਚ ਤਿਆਰ ਭੋਜਨ ਮੁੰਬਈ ਦੇ ਕਈ ਹਸਪਤਾਲਾਂ ਵਿਚ ਸਪਲਾਈ ਕੀਤਾ ਜਾ ਰਿਹਾ ਹੈ। ਇਹ ਘਟਨਾ ਸ਼ਨੀਵਾਰ ਸ਼ਾਮੀ ਵਾਪਰੀ ਅਤੇ ਪੁਲਿਸ ਨੇ ਸਿਰਫ ਇਕ ਘੰਟਾ ਵਿੱਚ ਹੀ ਇਸ ਕੇਸ ਨੂੰ “ਕ੍ਰੈਕ” ਕਰਦਿਆਂ ਦੋਵਾਂ ਨੂੰ ਫੜ ਲਿਆ। ਲੜਕੇ ਦੇ ਪਿਤਾ ਨੇ ਦੱਸਿਆ ਕਿ ਉਸਨੂੰ ਪੁੱਤਰ ਦੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਨਾਬਾਲਗ ਦੇ ਅਜਿਹਾ ਕਰਨ ਪਿੱਛੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ।