ਸ਼ਨੀਵਾਰ ਤਕ 48,698 ਕੋਰੋਨਾ ਕੇਸ ਅੱਜ 50,040 ਤਕ ਪੁੱਜੇ
ਨਵੀਂ ਦਿੱਲੀ : ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਕੋਵਿਡ-19 ਹੈ, ਪੂਰੀ ਦੁਨੀਆਂ ਵਿਚ ਫ਼ੈਲ ਚੁੱਕਾ ਹੈ। ਬੇਸ਼ੱਕ ਇਸ ਦੇ ਰੋਜ਼ਾਨਾ ਦੇ ਅੰਕੜੇ ਘਟ ਰਹੇ ਹਨ ਪਰ ਭਾਰਤ ਵਿਚ ਇਕ ਦਿਨ ਦੇ ਫ਼ਰਕ ਨਾਲ ਇਹ ਅੰਕੜੇ ਵੱਧੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 50 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਹਾਲਾਂਕਿ, ਸ਼ਨੀਵਾਰ ਦੇ ਮੁਕਾਬਲੇ ਨਵੇਂ ਮਾਮਲਿਆਂ ਦੀ ਗਿਣਤੀ ਵਧੇਰੇ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਸਵੇਰੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 50,040 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਸ਼ਨੀਵਾਰ ਨੂੰ 48,698 ਸਨ। ਸਿਹਤ ਮੰਤਰਾਲੇ ਦੇ ਅਨੁਸਾਰ, ਰੋਜ਼ਾਨਾ ਦੇ ਅਧਾਰ ਤੇ ਨਵੇਂ ਕੇਸਾਂ ਵਿੱਚ ਕਮੀ ਅਤੇ ਮਰੀਜ਼ਾਂ ਦੇ ਠੀਕ ਹੋਣ ਕਾਰਨ ਸਰਗਰਮ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਦੇਸ਼ ਵਿਚ ਕੋਰੋਨਾ ਦੇ ਸਰਗਰਮ ਮਾਮਲੇ ਘਟ ਕੇ 5,86,403 ਰਹਿ ਗਏ ਹਨ, ਜੋ ਕੁੱਲ ਮਾਮਲਿਆਂ ਦਾ 1.94 ਪ੍ਰਤੀਸ਼ਤ ਹੈ। ਪਿਛਲੇ 24 ਘੰਟਿਆਂ ਵਿੱਚ 57,944 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ ਹੁਣ ਤੱਕ ਕੁੱਲ 2 ਕਰੋੜ 92 ਲੱਖ (2,92,51,029) ਮਰੀਜ਼ ਇਸ ਘਾਤਕ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ, ਠੀਕ ਹੋਏ ਮਰੀਜ਼ਾਂ ਦੀ ਗਿਣਤੀ ਨਵੇਂ ਕੇਸਾਂ ਨਾਲੋਂ ਲਗਾਤਾਰ 45 ਵੇਂ ਦਿਨ ਵਧੇਰੇ ਰਹੀ। ਇਥੇ ਇਹ ਵੀ ਦਸ ਦਈਏ ਕਿ ਕੋਰੋਨਾ ਦੇ ਘਟ ਰਹੇ ਕੇਸਾਂ ਕਾਰਨ ਕਈ ਸੂਬਿਆਂ ਨੇ ਪਾਬੰਦੀਆਂ ਵਿਚ ਰਾਹਤ ਦੇਣੀ ਸ਼ੁਰੂ ਕਰ ਦਿਤੀ ਹੈ।