ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਡੈਲਟਾ ਕਿਸਮ ਨੇ ਪੂਰੀ ਦੁਨੀਆਂ ਨੂੰ ਡਰਾ ਦਿਤਾ ਹੈ। ਹੁਣ ਤਕ 85 ਦੇਸ਼ਾਂ ਵਿਚ ਮਿਲੇ ਕੋਰੋਨਾ ਦੇ ਡੈਲਟਾ ਵੇਰੀਅੰਟ ਦਾ ਅਸਰ ਭਾਰਤ ਤੋਂ ਲੈ ਕੇ ਦਖਣੀ ਅਫ਼ਰੀਕਾ ਤਕ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿਚ ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦਾ ਮੁੱਖ ਕਾਰਨ ਡੇਲਟਾ ਵੇਰੀਅੰਟ ਹੀ ਹੋਵੇਗਾ। ਭਾਰਤ ਵਿਚ ਵਧਦੇ ਡੇਲਟਾ ਵੇਰੀਅੰਟ ਦੇ ਮਾਮਲਿਆਂ ਵਿਚਾਲੇ ਦਖਣੀ ਅਫ਼ਰੀਕਾ ਵਿਚ ਇਸ ਕਿਸਮ ਨੇ ਕਹਿਰ ਢਾਹੁਣਾ ਸ਼ੁਰੂ ਕਰ ਦਿਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸਾਊਥ ਅਫ਼ਰੀਕਾ ਵਿਚ ਇਸ ਡੈਲਟਾ ਵੇਰੀਅੰਟ ਕਾਰਨ ਤੀਜੀ ਲਹਿਰ ਨੇ ਦਸਤਕ ਦੇ ਦਿਤੀ ਹੈ। ਮਹਾਂਮਾਰੀ ਮਾਹਰਾਂ ਦਾ ਕਹਿਣਾ ਹੈ ਕਿ ਦਖਣੀ ਅਫ਼ਰੀਕਾ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਲਈ ਡੇਲਟਾ ਵੇਰੀਅੰਟਸ ਹੀ ਜ਼ਿੰਮੇਵਾਰ ਹੈ। ਉਘੇ ਸਿਹਤ ਮਾਹਰ ਸ਼ਬੀਰ ਮਾਧੀ ਨੇ ਦਸਿਆ ਕਿ ਅਧਿਕਾਰਤ ਡੇਟਾ ਅਗਲੇ ਹਫ਼ਤੇ ਰਾਸ਼ਟਰੀ ਸੰਚਾਰੀ ਰੋਗ ਸੰਸਥਾ ਦੁਆਰਾ ਜਾਰੀ ਕੀਤਾ ਜਾਵੇਗਾ ਪਰ ਅਜਿਹਾ ਵੇਖਿਆ ਜਾ ਰਿਹਾ ਹੈ ਕਿ ਡੇਲਟਾ ਵੇਰੀਅੰਟ ਦੇ ਪਸਾਰ ਵਿਚ ਵਾਧਾ ਹੋਇਆ ਹੈ ਜੋ ਬੀਟਾ ਸੰਸਕਰਣ ਦੀ ਤੁਲਨਾ ਵਿਚ 60 ਫ਼ੀਸਦੀ ਜ਼ਿਆਦਾ ਛੂਤਕਾਰੀ ਹੈ। ਜ਼ਿਕਰਯੋਗ ਹੈ ਕਿ ਬੀਟਾ ਵੇਰੀਅੰਟ ਦੀ ਪਛਾਣ ਸਭ ਤੋਂ ਪਹਿਲਾਂ ਸਾਊਥ ਅਫ਼ਰੀਕਾ ਵਿਚ ਹੋਈ ਸੀ। ਸਾਊਥ ਅਫ਼ਰੀਕਾ ਦੀ ਹਾਲਤ ਏਨੀ ਖ਼ਰਾਬ ਹੋ ਰਹੀ ਹੈ ਕਿ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਥੇ ਹੁਣ ਹਸਪਤਾਲਾਂ ਵਿਚ ਬੈੱਡ ਘੱਟ ਪੈਣ ਲੱਗੇ ਹਨ। ਅੰਤਮ ਸਸਕਾਰ ਕਰਨ ਲਈ ਵੀ ਸੰਗਠਨਾਂ ਦੀ ਕਮੀ ਹੋ ਗਈ ਹੈ। ਇਸ ਦਾ ਅਸਰ ਭਾਰਤੀ ਭਾਈਚਾਰੇ ’ਤੇ ਜ਼ਿਆਦਾ ਪੈ ਰਿਹਾ ਹੈ। ਸ਼ਬੀਰ ਨੇ ਕਿਹਾ ਕਿ ਜਿਹੜੇ ਲੋਕ ਪਹਿਲੀ ਅਤੇ ਦੂਜੀ ਲਹਿਰ ਵਿਚ ਕੋਰੋਨਾ ਪਾਜ਼ੇਟਿਵ ਹੋ ਗਏ ਸਨ, ਉਹ ਵੀ ਦੁਬਾਰਾ ਪਾਜ਼ੇਟਿਵ ਹੋਣ ਲਈ ਅਤਿਸੰਵੇਦਨਸ਼ੀਲ ਹਨ। ਯਾਨੀ ਉਨ੍ਹਾਂ ਨੂੰ ਡੇਲਟਾ ਅਪਣਾ ਸ਼ਿਕਾਰ ਬਣਾ ਸਕਦਾ ਹੈ। ਇਸ ਦੇਸ਼ ਦੇ ਗੌਤੇਂਗ ਸੂਬੇ ਵਿਚ ਜ਼ਿਆਦਾ ਅਸਰ ਦਿਸ ਰਿਹਾ ਹੈ ਜਿਥੇ 18 ਹਜ਼ਾਰ ਤੋਂ ਵੱਧ ਕੇਸ ਆ ਗਏ ਹਨ।