ਮੋਹਾਲੀ, 27 ਜੂਨ : ਸੂਬੇ ਵਿਚੋਂ ਪੋਲੀਉ ਦੀ ਨਾਮੁਰਾਦ ਬੀਮਾਰੀ ਦੇ ਖ਼ਾਤਮੇ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਜ਼ਿਲ੍ਹਾ ਮੋਹਾਲੀ ਦੇ ਪਿੰਡ ਸੋਹਾਣਾ ਤੋਂ ਸੂਬਾ ਪੱਧਰੀ ਤਿੰਨ ਰੋਜ਼ਾ ਪਲਸ ਪੋਲੀਉ ਮੁਹਿੰਮ ਦੀ ਸ਼ੁਰੂਆਤ ਕੀਤੀ। ਸੂਬੇ ਵਿਚ ‘ਸਬ-ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ (ਐਸ.ਐਨ.ਆਈ.ਡੀ)’ ਮੁਹਿੰਮ ਤਹਿਤ 5 ਸਾਲ ਤੋਂ ਘੱਟ ਉਮਰ ਦੇ 5,60,000 ਬੱਚਿਆਂ ਨੂੰ ਪੋਲੀਉ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
ਬੱਚਿਆਂ ਨੂੰ ਓਰਲ ਪੋਲੀਓ ਵੈਕਸੀਨ (ਓ.ਪੀ.ਵੀ) ਦੀਆਂ ਬੂੰਦਾਂ ਪਿਲਾਉਣ ਤੋਂ ਬਾਅਦ, ਸਿਹਤ ਮੰਤਰੀ ਨੇ ਸੂਬਾ ਪੱਧਰੀ ਸਮਾਗਮ ਵਿਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਇਹ ਮੁਹਿੰਮ ਵਿਸ਼ੇਸ਼ ਤੌਰ ’ਤੇ ਪ੍ਰਵਾਸੀ ਆਬਾਦੀ ਲਈ ਚਲਾਈ ਗਈ ਹੈ ਜਿਸ ਵਿਚ ਉਚ-ਜੋਖਮ ਵਾਲੇ ਖੇਤਰ, ਭੱਠੇ, ਨਿਰਮਾਣ ਸਥਾਨ, ਬਸਤੀਆਂ, ਝੁੱਗੀਆਂ, ਡੇਰੇ ਆਦਿ ਕਵਰ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਸੂਬਾ ਭਰ ਵਿਚ ਸਿਹਤ ਕਾਮਿਆਂ ਦੀਆਂ ਕੁਲ 4180 ਟੀਮਾਂ ਇਨ੍ਹਾਂ ਥਾਵਾਂ ’ਤੇ ਜਾ ਕੇ ਦਵਾਈ ਪਿਲਾਉਣਗੀਆਂ ਜਦਕਿ ਕੁਲ 802 ਸੁਪਰਵਾਇਜ਼ਰ ਇਸ ਸਮੁੱਚੀ ਮੁਹਿੰਮ ਦੀ ਚੈਕਿੰਗ ਕਰਨਗੇ ਤਾਕਿ ਕੋਈ ਵੀ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸ ਗੱਲ ’ਤੇ ਜ਼ੋਰ ਦਿਤਾ ਜਾ ਰਿਹਾ ਹੈ ਕਿ ਟੀਕਾਕਰਨ ਪ੍ਰੋਗਰਾਮ ਅਧੀਨ ਸੂਬੇ ਦੇ ਹਰ ਬੱਚੇ ਨੂੰ ਸਿਹਤ ਸੁਰੱਖਿਆ ਤੇ ਨਿਰੋਗ ਜੀਵਨ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਪਹਿਲਾਂ ਹੀ ਪੋਲੀਉ ਮੁਕਤ ਹੋ ਚੁੱਕਾ ਹੈ ਪਰ ਦੇਸ਼ ਵਿਚੋਂ ਪੋਲੀਉ ਦੇ ਸੰਪੂਰਨ ਖ਼ਾਤਮੇ ਲਈ ਟੀਕਾਕਰਨ ਲਾਜ਼ਮੀ ਹੈ। ਪੰਜਾਬ ਵਿਚ ਪੋਲੀਉ ਦਾ ਆਖ਼ਰੀ ਕੇਸ ਲੁਧਿਆਣਾ ਵਿਚ ਅਕਤੂਬਰ 2009 ਵਿਚ ਸਾਹਮਣੇ ਆਇਆ ਸੀ। ਸਿਹਤ ਮੰਤਰੀ ਨੇ ਕਿਹਾ ਕਿ ਬੱਚੇ ਦੀ ਸਮੁੱਚੀ ਤੰਦਰੁਸਤੀ ਲਈ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ। ਵੇਖਿਆ ਗਿਆ ਹੈ ਕਿ ਜਿਹੜੇ ਬੱਚਿਆਂ ਦੀ ਵੈਕਸੀਨੇਸ਼ਨ ਹੋਈ ਹੁੰਦਾ ਹੈ, ਉਹ ਅਕਸਰ ਘੱਟ ਬੀਮਾਰ ਹੁੰਦੇ ਹਨ ਅਤੇ ਉਨ੍ਹਾਂ ਦੇ ਕੁਪੋਸ਼ਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਉਨ੍ਹਾਂ ਨੇ ਰਾਜ ਨੂੰ ਪੋਲੀਉ ਮੁਕਤ ਰੱਖਣ ਲਈ ਅਣਥੱਕ ਕਾਰਜ ਕਰਨ ਲਈ ਹਜ਼ਾਰਾਂ ਵਲੰਟੀਅਰਾਂ, ਫ਼ਰੰਟਲਾਈਨ ਕਰਮਚਾਰੀਆਂ ਅਤੇ ਸਿਹਤ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਭਾਵੇਂ ਉਹ ਬੱਚਾ ਕੁਝ ਘੰਟੇ ਪਹਿਲਾਂ ਜੰਮਿਆ ਹੈ ਜਾਂ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੈ ਕਿਉਂਕਿ ਪੋਲੀਉ ਬੂੰਦਾਂ ਪੀਣ ਨਾਲ ਕੋਈ ਸਰੀਰਕ ਨੁਕਸਾਨ ਨਹੀਂ ਹੁੰਦਾ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਡਾਇਰੈਕਟਰ ਸਿਹਤ ਸੇਵਾਵਾਂ (ਪਰਵਾਰ ਭਲਾਈ) ਡਾ. ਅੰਦੇਸ਼ ਕੰਗ, ਸਟੇਟ ਟੀਕਾਕਰਨ ਅਧਿਕਾਰੀ ਡਾ. ਬਲਵਿੰਦਰ ਕੌਰ, ਡਬਲਿਊ.ਐਚ.ਓ. ਤੋਂ ਡਾ. ਵਿਕਾਸ ਗੁਪਤਾ, ਸਹਾਇਕ ਸਿਵਲ ਸਰਜਨ ਮੋਹਾਲੀ ਡਾ. ਰੇਨੂੰ ਸਿੰਘ, ਐਸ.ਐਮ.ਓ. ਡਾ. ਸੁਰਿੰਦਰਪਾਲ ਕੌਰ, ਸਟੇਟ ਮਾਸ ਮੀਡੀਆ ਅਫ਼ਸਰ ਗੁਰਮੀਤ ਸਿੰਘ ਰਾਣਾ, ਸਟੇਟ ਕੋਲਡ ਚੇਨ ਅਫ਼ਸਰ ਜਤਿੰਦਰ ਮੋਹਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ, ਬੀਈਈ ਸਨਿਗਦਾ, ਹੈਲਥ ਇੰਸਪੈਕਟਰ ਦਿਨੇਸ਼, ਏਐਨਐਮ ਕ੍ਰਿਸ਼ਨਾ ਤੇ ਪਿੰਡ ਦੇ ਪਤਵੰਤੇ ਮੌਜੂਦ ਸਨ।