ਨਵੀਂ ਦਿੱਲੀ: ਦੇਸ਼ ਵਿਚ ਕੋਵਿਡ ਦੀ ਦੂਜੀ ਲਹਿਰ ਦਾ ਅਸਰ ਹੌਲੀ ਹੌਲੀ ਖ਼ਤਮ ਹੋ ਰਿਹਾ ਹੈ। ਹੁਣ ਛੇਤੀ ਹੀ ਤੀਜੀ ਲਹਿਰ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ ਤੀਜੀ ਲਹਿਰ ਬਾਬਤ ਕੇਂਦਰ ਸਰਕਾਰ ਨੇ ਰਾਹਤ ਭਰੀ ਖ਼ਬਰ ਦਿਤੀ ਹੈ। ਕੋਵਿਡ ਵਰਕਿੰਗ ਗਰੁਪ ਦੇ ਚੇਅਰਮੈਨ ਡਾ. ਐਨ ਕੇ ਅਰੋੜਾ ਨੇ ਕਿਹਾ ਕਿ ਤੀਜੀ ਲਹਿਰ ਆਉਣ ਵਿਚ ਹਾਲੇ 6-8 ਮਹੀਨੇ ਦਾ ਵਕਤ ਹੈ। ਉਨ੍ਹਾਂ ਜੁਲਾਈ ਜਾਂ ਅਗਸਤ ਤੋਂ ਬੱਚਿਆਂ ਨੂੰ ਵੀ ਵੈਕਸੀਨ ਲੱਗਣ ਦੀ ਉਮੀਦ ਪ੍ਰਗਟਾਈ ਹੈ। ਅਰੋੜਾ ਨੇ ਕਿਹਾ, ‘ਆਈਸੀਐਮਆਰ ਨੇ ਇਕ ਸਟੱਡੀ ਕੀਤੀ ਹੈ ਜਿਸ ਮੁਤਾਬਕ ਕੋਰੋਨਾ ਦੀ ਤੀਜੀ ਲਹਿਰ ਦੇਰੀ ਨਾਲ ਆਵੇਗੀ। ਸਾਡੇ ਕੋਲ 6-8 ਮਹੀਨੇ ਦਾ ਸਮਾਂ ਹੈ। ਸਾਰਿਆਂ ਨੂੰ ਟੀਕਾ ਲਾਉਣ ਲਈ ਸਾਡੇ ਕੋਲ ਏਨਾ ਵਕਤ ਹੈ। ਆਉਣ ਵਾਲੇ ਸਮੇਂ ਵਿਚ ਅਸੀਂ ਹਰ ਦਿਨ 1 ਕਰੋੜ ਟੀਕੇ ਲਗਾਵਾਂਗੇ।’ ਡਾ. ਅਰੋੜਾ ਨੇ ਕਿਹਾ ਕਿ ਜੁਲਾਈ ਅੰਤ ਤੋਂ ਜਾਂ ਫਿਰ ਅਗਸਤ ਤੋਂ 12-18 ਉਮਰ ਵਰਗ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲੱਗਣ ਦੀ ਉਮੀਦ ਹੈ। ਉਨ੍ਹਾਂ ਜਾਣਕਾਰੀ ਦਿਤੀ ਕਿ ਜਾਇਡਸ ਕੈਡਿਲਾ ਦੀ ਕੋਰੋਨਾ ਵੈਕਸੀਨ ਦਾ ਬੱਚਿਆਂ ’ਤੇ ਟਰਾਇਲ ਲਗਭਗ ਪੂਰਾ ਹੋ ਚੁਕਾ ਹੈ। ਉਨ੍ਹਾਂ ਕਿਹਾ, ‘ਜਾਇਡਸ ਕੈਡਿਲਾ ਵੈਕਸੀਨ ਦਾ ਟਰਾਇਲ ਲਗਭਗ ਪੂਰਾ ਹੋ ਗਿਆ ਹੈ। ਜੁਲਾਈ ਦੇ ਅਖ਼ੀਰ ਜਾਂ ਅਗਸਤ ਤਕ ਅਸੀਂ ਸੰਭਵ ਤੌਰ ’ਤੇ ਵੈਕਸੀਨ ਲਾਉਣਾ ਸ਼ੁਰੂ ਕਰ ਦਿਆਂਗੇ। 12-18 ਉਮਰ ਵਰਗ ਦੇ ਬੱਚਿਆਂ ਨੂੰ ਇਹ ਵੈਕਸੀਨ ਲਾਈ ਜਾਵੇਗੀ।’ ਜ਼ਿਕਰਯੋਗ ਹੈ ਕਿ ਹੁਣ ਤਕ ਚੋਟੀ ਦੇ ਸਿਹਤ ਮਾਹਰਾਂ ਨੇ ਕਿਹਾ ਹੈ ਕਿ ਕੋਵਿਡ ਦੀ ਤੀਜੀ ਲਹਿਰ 2 ਹਫ਼ਤਿਆਂ ਤਕ ਆ ਜਾਵੇਗੀ ਜਿਸ ਲਈ ਵੱਡੇ ਪੱਧਰ ’ਤੇ ਤਿਆਰੀਆਂ ਵੀ ਸ਼ੁਰੂ ਹੋ ਚੁਕੀਆਂ ਹਨ। ਹੁਣ ਇਹ ਵੇਖਣਾ ਕਿ ਕੋਵਿਡ ਦੀ ਤੀਜੀ ਲਹਿਰ ਅਸਲ ਵਿਚ ਕਦੋਂ ਆਵੇਗੀ ਅਤੇ ਆਵੇਗੀ ਵੀ ਜਾਂ ਨਹੀਂੇ।