ਪੋਰਟਲੈਂਡ: ਅਮਰੀਕਾ ਦੇ ਓਰੇਗਨ ਰਾਜ ਦੇ ਸਭ ਤੋਂ ਵੱਡੇ ਸ਼ਹਿਰ ਪੋਰਟਲੈਂਡ ਵਿਚ ਸਖ਼ਤ ਗਰਮੀ ਪੈ ਰਹੀ ਹੈ ਅਤੇ ਸਨਿਚਰਵਾਰ ਨੂੰ ਸ਼ਹਿਰ ਵਿਚ ਗਰਮੀ ਨੇ ਪਿਛਲੇ ਸਾਰੇ ਰੀਕਾਰਡ ਤੋੜ ਦਿਤੇ। ਐਤਵਾਰ ਨੂੰ ਵੀ ਗਰਮੀ ਦੇ ਨਵੇਂ ਰੀਕਾਰਡ ਬਣ ਸਕਦੇ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਾਸੀਆਂ ਨੂੰ ਇਤਿਹਾਸ ਦੀ ਸਭ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰ ਵਿਚ ਲੂ ਚੱਲਣ ਨਾਲ ਪਾਰਾ ਬਹੁਤ ਜ਼ਿਆਦਾ ਵੱਧ ਗਿਆ ਹੈ। ਦੁਕਾਨਾਂ ਵਿਚ ਪੋਰਟਏਬਲ ਏ.ਸੀ. ਅਤੇ ਪੱਖਿਆਂ ਦੀ ਸਪਲਾਈ ਮੰਗ ਤੋਂ ਘੱਟ ਪੈ ਗਈ ਹੈ, ਹਸਪਤਾਲਾਂ ਦੇ ਬਾਹਰ ਟੀਕਾਕਰਨ ਕੈਂਪ ਰੱਦ ਕਰ ਦਿਤੇ ਗਏ ਹਨ, ਸ਼ਹਿਰਾਂ ਵਿਚ ਕੂÇਲੰਗ ਕੇਂਦਰ ਖੁਲ੍ਹ ਗਏ ਹਨ ਅਤੇ ਬੇਸਬਾਲ ਖੇਡ ਮੁਕਾਬਲੇ ਰੱਦ ਕਰ ਦਿਤੇ ਗਏ ਹਨ। ਮੌਸਮ ਸੇਵਾ ਮੁਤਾਬਕ ਪੋਰਟਲੈਂਡ ਵਿਚ ਸਨਿਚਰਵਾਰ ਦੁਪਹਿਰ ਨੂੰ ਤਾਪਮਾਨ 42.2 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ। ਓਰੇਗਨ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਇਸ ਤੋਂ ਪਹਿਲਾਂ 1965 ਅਤੇ 1981 ਵਿਚ ਜ਼ਿਆਦਾ ਗਰਮੀ ਪਈ ਸੀ ਅਤੇ ਉਦੋਂ ਤਾਪਮਾਨ 41.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸਿਆਟਲ ਵਿਚ ਤਾਪਮਾਨ 38.3 ਡਿਗਰੀ ਸੈਲਸੀਅਸ ਪਹੁੰਚ ਗਿਆ ਜਿਸ ਨਾਲ ਉਹ ਜੂਨ ਵਿਚ ਸਭ ਤੋਂ ਗਰਮ ਦਿਨ ਬਣ ਗਿਆ ਅਤੇ ਇਤਿਹਾਸ ਵਿਚ ਕੇਵਲ ਚੌਥੀ ਵਾਰ ਸ਼ਹਿਰ ਵਿਚ ਤਾਪਮਾਨ 100 ਡਿਗਰੀ ਫ਼ੇਰੇਨਹਾਈਟ ਦੇ ਪਾਰ ਚਲਾ ਗਿਆ ਹੈ। ਸਿਆਟਲ ਵਿਚ 2009 ਵਿਚ ਸਭ ਤੋਂ ਜ਼ਿਆਦਾ 39.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਪੂਰਬੀ ਵਾਸ਼ਿੰਗਅਨ ਸਟੇਟ ਤੋਂ ਲੈ ਕੇ ਪੋਰਟਲੈਂਡ ਤਕ ਦੇ ਹੋਰ ਸ਼ਹਿਰਾਂ ਵਿਚ ਗਰਮੀ ਦੇ ਰੀਕਾਰਡ ਟੁੱਟਣ ਦੀ ਸੰਭਾਵਨਾ ਹੈ।