ਨਵੀਂ ਦਿੱਲੀ: 26 ਜਨਵਰੀ ਦੇ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਗੁਰਜੋਤ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਗੁਰਜੋਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ। ਪੁਲਿਸ ਦੀ ਸਪੈਸ਼ਲ ਸੈੱਲ ਨੇ ਗੁਰਜੋਤ ਸਿੰਘ ਨੂੰ ਪੰਜਾਬ ਦੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਪੈਸ਼ਲ ਸੈਲ ਦੇ ਡੀਸੀਪੀ ਸੰਜੀਵ ਯਾਦਵ ਨੇ ਦਿਤੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ 26 ਜਨਵਰੀ ਦੇ ਲਾਲ ਕਿਲ੍ਹੇ ਹਿੰਸਾ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਸੀ। ਤੀਸ ਹਜ਼ਾਰੀ ਅਦਾਲਤ ਵਿੱਚ ਦਾਇਰ ਕੀਤੀ ਗਈ ਇਸ ਚਾਰਜਸ਼ੀਟ ਵਿੱਚ ਦੀਪ ਸਿੱਧੂ ਸਣੇ ਤਕਰੀਬਨ 16 ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ। ਪੁਲਿਸ ਨੇ ਲਾਲ ਕਿਲ੍ਹੇ ਕੰਪਲੈਕਸ ਵਿੱਚ ਹੋਈ ਭੰਨਤੋੜ ਦੀ ਘਟਨਾ ਨੂੰ 'ਦੇਸ਼ ਵਿਰੋਧੀ ਗਤੀਵਿਧੀ' ਕਰਾਰ ਦਿੱਤਾ ਸੀ। ਫੋਰੈਂਸਿਕ ਮਾਹਰਾਂ ਦੀ ਇੱਕ ਟੀਮ ਨੇ ਇਸ ਘਟਨਾ ਤੋਂ ਬਾਅਦ ਲਾਲ ਕਿਲ੍ਹੇ ਦਾ ਦੌਰਾ ਕੀਤਾ ਸੀ ਤੇ ਸਬੂਤ ਇਕੱਠੇ ਕੀਤੇ ਸੀ।