ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦਸਿਆ ਕਿ ਲੋਕਾਂ ਨੂੰ ਹੁਣ ਤਕ ਲਾਏ ਗਏ ਕੋਵਿਡ ਟੀਕਿਆਂ ਦੀਆਂ ਕੁਲ ਖ਼ੁਰਾਕਾਂ ਦੇ ਪੱਖ ਤੋਂ ਭਾਰਤ ਅਮਰੀਕਾ ਤੋਂ ਅੱਗੇ ਨਿਕਲ ਗਿਆ ਹੈ। ਭਾਰਤ ਨੇ ਕੋਵਿਡ ਟੀਕਾਕਰਨ ਮੁਹਿੰਮ 16 ਜਨਵਰੀ ਨੂੰ ਸ਼ੁਰੂ ਕੀਤੀ ਸੀ ਅਤੇ ਲੋਕਾਂ ਨੂੰ ਹੁਣ ਤਕ 32.36 ਕਰੋੜ ਖ਼ੁਰਾਕਾਂ ਦਿਤੀਆਂ ਜਾ ਚੁਕੀਆਂ ਹਨ ਜਦਕਿ 14 ਦਸੰਬਰ 2020 ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਵਾਲੇ ਅਮਰੀਕਾ ਨੇ 32.33 ਕਰੋੜ ਖ਼ੁਰਾਕਾਂ ਦਿਤੀਆਂ ਹਨ।
ਮੰਤਰਾਲੇ ਨੇ ਕਿਹਾ, ‘ਭਾਰਤ ਨੇ ਕੋਵਿਡ ਟੀਕਾਕਰਨ ਵਿਚ ਇਕ ਹੋਰ ਪ੍ਰਾਪਤੀ ਕੀਤੀ ਹੈ ਅਤੇ ਦਿਤੀਆਂ ਗਈਆਂ ਕੁਲ ਖ਼ੁਰਾਕਾਂ ਦੇ ਮਾਮਲੇ ਵਿਚ ਉਹ ਅਮਰੀਕਾ ਤੋਂ ਅੱਗੇ ਨਿਕਲ ਗਿਆ ਹੈ।’ ਸੋਮਵਾਰ ਨੂੰ ਸਵੇਰੇ ਸੱਤ ਵਜੇ ਤਕ ਦੀ ਅੰਤਰਮ ਰੀਪੋਰਟ ਮੁਤਾਬਕ 43,21,898 ਸੈਸ਼ਨਾਂ ਰਾਹੀਂ ਟੀਕਿਆਂ ਦੀਆਂ ਕੁਲ 32,36,,63,297 ਖੁਰਾਕਾਂ ਦਿਤੀਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਵਿਚ 17,21,268 ਟੀਕੇ ਲਾਏ ਗਏ। ਅੰਕੜਿਆਂ ਮੁਤਾਬਕ 10198257 ਸਿਹਤ ਕਾਮਿਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਜਦਕਿ 7207617 ਨੂੰ ਦੂਜੀ ਖ਼ੁਰਾਕ ਦਿਤੀ ਜਾ ਚੁਕੀ ਹੈ। ਹੁਣ ਤਕ 45 ਤੋਂ 59 ਉਮਰ ਵਰਗ ਵਿਚ 87111445 ਲੋਕਾਂ ਨੂੰ ਪਹਿਲੀ ਖ਼ੁਰਾਕ ਅਤੇ 14812349 ਨੂੰ ਦੂਜੀ ਖ਼ੁਰਾਕ ਦਿਤੀ ਜਾ ਚੁਕੀ ਹੈ। ਇਸ ਦੇ ਇਲਾਵਾ 60 ਸਾਲ ਤੋਂ ਜ਼ਿਆਦਾ ਉਮਰ ਦੇ 67529713 ਲੋਕਾਂ ਨੂੰ ਪਹਿਲੀ ਖ਼ੁਰਾਕ ਜਦਕਿ 23408944 ਲੋਕਾਂ ਨੂੰ ਦੂਜੀ ਖ਼ੁਰਾਕ ਦਿਤੀ ਜਾ ਚੁਕੀ ਹੈ।