ਨਵੀਂ ਦਿੱਲੀ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲਦਾਖ਼ ਤੋਂ ਚੀਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਭਾਰਤ ‘ਗਲਵਾਨ ਵੀਰਾਂ’ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ ਅਤੇ ਦੇਸ਼ ਦੇ ਹਥਿਆਰਬੰਦ ਬਲ ਹਰ ਚੁਨੌਤੀ ਦਾ ਮੂੰਹਤੋੜ ਜਵਾਬ ਦੇਣ ਵਿਚ ਸਮਰੱਥ ਹਨ। ਲਦਾਖ਼ ਦੌਰੇ ਦੇ ਦੂਜੇ ਦਿਨ ਰਾਜਨਾਥ ਸਿੰਘ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਨਾਲ ਗੱਲਬਾਤ ਜ਼ਰੀਏ ਮੁੱਦਿਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਪਰ ਨਾਲ ਹੀ ਚੌਕਸ ਕੀਤਾ ਕਿ ਜੇ ਕੋਈ ਸਾਨੂੰ ਧਮਕਾਉਣ ਦੀ ਕੋਸ਼ਿਸ਼ ਕਰੇਗਾ ਤਾਂ ਭਾਰਤ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ।
ਉਨ੍ਹਾਂ ਕਿਹਾ, ‘ਦੇਸ਼ ਲਈ ਗਲਵਾਨ ਘਾਟੀ ਵਿਚ ਅਪਣੀਆਂ ਜਾਨਾਂ ਵਾਰਨ ਵਾਲੇ ਫ਼ੌਜੀਆਂ ਦੇ ਬਲੀਦਾਨ ਨੂੰ ਭਾਰਤ ਕਦੇ ਨਹੀਂ ਭੁੱਲੇਗਾ।’ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਹਰ ਚੁਨੌਤੀ ਦਾ ਮੂੰਹਤੋੜ ਜਵਾਬ ਦੇਣ ਵਿਚ ਸਮਰੱਥ ਹਨ। ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਪਿਛਲੇ ਸਾਲ 15 ਜੂਨ ਨੂੰ ਭਿਆਨਕ ਝੜਪ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ। ਦੋਹਾਂ ਦੇਸ਼ਾਂ ਵਿਚਾਲੇ ਪਿਛਲੇ ਕੁਝ ਦਹਾਕਿਆਂ ਵਿਚ ਹੋਈ ਇਹ ਸਭ ਤੋਂ ਭਿਆਨਕ ਝੜਪ ਸੀ। ਚੀਨ ਨੇ ਫ਼ਰਵਰੀ ਵਿਚ ਅਧਿਕਾਰਤ ਤੌਰ ’ਤੇ ਸਵੀਕਾਰ ਕੀਤਾ ਸੀ ਕਿ ਭਾਰਤੀ ਫ਼ੌਜ ਨਾਲ ਸੰਘਰਸ਼ ਵਿਚ ਪੰਜ ਚੀਨੀ ਫ਼ੌਜੀ ਅਧਿਕਾਰੀ ਅਤੇ ਇਕ ਜਵਾਨ ਮਾਰਿਆ ਗਿਆ ਸੀ, ਹਾਲਾਂਕਿ ਵਿਆਪਕ ਰੂਪ ਵਿਚ ਇਹ ਮੰਨਿਆ ਜਾਂਦਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਸੀ। ਰਖਿਆ ਮੰਤਰੀ ਨੇ ਲਦਾਖ਼ ਵਿਚ ਸੜਕ ਸੁਰੱਖਿਆ ਸੰਗਠਨ ਦੁਆਰਾ ਕਾਰਜਸ਼ੀਲ 63 ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਵੀ ਉਦਘਾਟਨ ਕੀਤਾ। ਉਹ ਤਿੰਨ ਦਿਨਾ ਲਦਾਖ਼ ਦੌਰੇ ’ਤੇ ਹਨ।