ਜੋਹਾਨਿਸਬਰਗ : ਕੋਰੋਨਾ ਵਾਇਰਸ ਦੇ ਡੈਲਟਾ ਸਰੂਪ ਕਾਰਨ ਤੇਜ਼ੀ ਨਾਲ ਵਧਦੇ ਮਾਮਲਿਆਂ ਨੂੰ ਵੇਖਦਿਆਂ ਦਖਣੀ ਅਫ਼ਰੀਕਾ ਨੇ ਜਨਤਕ ਇਕੱਠ ’ਤੇ ਰੋਕ ਅਤੇ ਰਾਤ ਦਾ ਕਰਫ਼ਿਊ ਲਾਉਣ ਜਿਹੇ ਕਦਮ ਚੁੱਕ ਕੇ ਦੇਸ਼ ਵਿਚ ਫਿਰ ਸਖ਼ਤ ਪਾਬੰਦੀਆਂ ਲਾਗੂ ਕਰ ਦਿਤੀਆਂ ਹਨ। ਦਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫ਼ੋਸਾ ਨੇ ਐਤਵਾਰ ਰਾਤ ਇਸ ਸਬੰਧ ਵਿਚ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨਵੀਆਂ ਪਾਬੰਦੀਆਂ 27 ਜੂਨ ਦੀ ਰਾਤ ਤੋਂ ਇਕ ਪਖਵਾੜੇ ਤਕ ਲਾਗੂ ਰਹਿਣਗੀਆਂ ਜਿਸ ਦੇ ਬਾਅਦ ਇਨ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ।
ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ ਦੇ 15 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਅਤੇ 122 ਲੋਕਾਂ ਦੀ ਮੌਤ ਹੋ ਗਈ। ਗੌਤੇਂਗ ਸੂਬੇ ਵਿਚ ਵਧੇਰੇ ਪਾਬੰਦੀਆਂ ਲਾਈਆਂ ਗਈਆਂ ਹਨ ਕਿਉਂਕਿ ਇਥੇ ਲਾਗ ਦੇ 60 ਫ਼ੀਸਦੀ ਤੋਂ ਵੱਧ ਮਾਮਲੇ ਆਏ ਹਨ। ਵਪਾਰ ਉਦੇਸ਼ ਲਈ ਆਵਾਜਾਈ ਤੋਂ ਇਲਾਵਾ ਸੂਬੇ ਤੋਂ ਆਵਾਜਾਈ ’ਤੇ ਵੀ ਰੋਕ ਲਾਈ ਗਈ ਹੈ। ਦੋ ਹਫ਼ਤਿਆਂ ਤਕ ਜਨਤਕ ਸਭਾਵਾਂ ’ਤੇ ਰੋਕ ਰਹੇਗੀ। ਸਿਰਫ਼ ਅੰਤਮ ਸਸਕਾਰ ਦੀ ਆਗਿਆ ਹੋਵੇਗੀ ਪਰ 50 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਣਗੇ। ਰਾਤ 9 ਵਜੇ ਤੋਂ ਸਵੇਰੇ ਚਾਰ ਵਜੇ ਤਕ ਕਰਫ਼ਿਊ ਲਾਗੂ ਰਹੇਗਾ। ਸ਼ਰਾਬ ਦੀ ਵਿਕਰੀ ’ਤੇ ਰੋਕ ਰਹੇਗੀ। ਵਿਦਿਅਕ ਸੰਸਥਾਵਾਂ ਵੀ ਸ਼ੁਕਰਵਾਰ ਤੋਂ ਬੰਦ ਹੋ ਜਾਣਗੀਆਂ। ਦੁਨੀਆਂ ਦੇ ਘੱਟੋ ਘੱਟ 85 ਦੇਸ਼ਾਂ ਵਿਚ ਡੈਲਟਾ ਕਿਸਮ ਦੇ ਮਾਮਲੇ ਸਾਹਮਣੇ ਆ ਚੁਥੇ ਹਨ ਅਤੇ ਸਭ ਤੋਂ ਪਹਿਲਾਂ ਇਸ ਕਿਸਮ ਦੀ ਪਛਾਣ ਭਾਰਤ ਵਿਚ ਹੋਈ ਸੀ। ਗੌਤੇਂਗ ਵਿਚ ਲਾਗ ਦੇ ਮਾਮਲਿਆਂ ਵਿਚ ਵਾਧੇ ਲਈ ਇਸੇ ਸਰੂਪ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।