ਨਵੀਂ ਦਿੱਲੀ : ਟਵਿਟਰ ਨੇ ਇਕ ਵਾਰ ਫਿਰ ਵੱਡੀ ਗ਼ਲਤੀ ਕਰ ਕੇ ਅਪਣੇ ਵਿਰੁਧ ਕਾਰਵਾਈ ਨੂੰ ਸੱਦਾ ਦੇ ਦਿਤਾ ਹੈ। ਸੋਸ਼ਲ ਮੀਡੀਆ ਪਲੇਟਫ਼ਾਰਮ ਨੇ ਵੈਬਸਾਈਟ ’ਤੇ ਭਾਰਤ ਦਾ ਗ਼ਲਤ ਨਕਸ਼ਾ ਪੇਸ਼ ਕੀਤਾ ਹੈ ਜਿਸ ਵਿਚ ਜੰਮੂ ਕਸ਼ਮੀਰ ਅਤੇ ਲਦਾਖ਼ ਨੂੰ ਅਲੱਗ ਦੇਸ਼ ਦੇ ਰੂਪ ਵਿਚ ਵਿਖਾਇਆ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਦਸਿਆ ਕਿ ਇਲੈਕਟ੍ਰਾਨਿਕਸ ਅਤੇ ਇਨਫ਼ਰਮੇਸ਼ਨ ਮੰਤਰਾਲਾ ਇਸ ਮਾਮਲੇ ਨੂੰ ਵੇਖ ਰਿਹਾ ਹੈ। ਨਵੇਂ ਆਈਟੀ ਕਾਨੂੰਨ ਸਬੰਧੀ ਸਰਕਾਰ ਅਤੇ ਟਵਿਟਰ ਵਿਚਾਲੇ ਜਾਰੀ ਤਕਰਾਰ ਨਕਸ਼ਾ ਵਿਵਾਦ ਦੇ ਬਾਅਦ ਹੋਰ ਤੇਜ਼ ਹੋ ਸਕਦਾ ਹੈ।
ਕੰਪਨੀ ਦੀ ਵੈਬਸਾਈਟ ਵਿਚ ਕਰੀਅਰ ਸੈਕਸ਼ਨ ਵਿਚ ਟਵੀਪਲਾਈਫ਼ ਪੇਜ ’ਤੇ ਇਹ ਨਕਸ਼ਾ ਅਪਲੋ ਕੀਤਾ ਗਿਆ ਹੈ। ਨਕਸ਼ੇ ਵਿਚ ਲਦਾਖ਼ ਸਮੇਤ ਜੰਮੂ ਕਸ਼ਮੀਰ ਨੂੰ ਵੱਖਰੇ ਦੇਸ਼ ਦੇ ਰੂਪ ਵਿਚ ਵਿਖਾਇਆ ਗਿਆ ਹੈ। ਉਂਜ ਇਹ ਪਹਿਲੀ ਵਾਰ ਨਹੀਂ ਹੈ ਕਿ ਭਾਰਤ ਨੇ ਟਵਿਟਰ ਦੇ ਸਾਹਮਣੇ ਗ਼ਲਤ ਨਕਸ਼ੇ ’ਤੇ ਇਤਰਾਜ਼ ਕੀਤਾ ਹੈ। ਪਿਛਲੇ ਸਾਲ ਅਕਤੂਬਰ ਵਿਚ ਸਰਕਾਰ ਨੇ ਇਸੇ ਤਰ੍ਹਾਂ ਦੇ ਨਕਸ਼ਾ ਵਿਵਾਦ ਸਬੰਧੀ ਟਵਿਟਰ ਨੂੰ ਨੋਟਿਸ ਭੇਜਿਆ ਸੀ। ਤਦ ਜਿਉਟੈਗ ਵਿਚ ਲੇਹ ਨੂੰ ਚੀਨ ਦਾ ਹਿੱਸਾ ਦਸਿਆ ਗਿਆ ਸੀ। ਕੇਂਦਰ ਨੇ ਟਵਿਟਰ ਸੀਈਓ ਜੈਕ ਡੋਰਸੀ ਨੂੰ 22 ਅਕਤੂਬਰ ਨੂੰ ਲਿਖੇ ਪੱਤਰ ਵਿਚ ਨਾਰਾਜ਼ਗੀ ਜ਼ਾਹਰ ਕੀਤੀ ਸੀ। ਬਾਅਦ ਵਿਚ ਟਵਿਟਰ ਨੇ ਅਪਣੀ ਗ਼ਲਤੀ ਸੁਧਾਰ ਲਈ ਸੀ।