ਨਵੀਂ ਦਿੱਲੀ : ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਅਮਰੀਕੀ ਕੰਪਨੀ ਮਾਡਰਨਾ ਦੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿਤੀ ਹੈ। ਸਿਪਲਾ ਕੰਪਨੀ ਨੂੰ ਇਸ ਵੈਕਸੀਨ ਦੀ ਦਰਾਮਦ ਦੀ ਮਨਜ਼ੂਰੀ ਦਿਤੀ ਗਈ ਹੈ। ਦੇਸ਼ ਵਿਚ ਇਹ ਚੌਥੀ ਅਤੇ ਪਹਿਲੀ ਇੰਟਰਨੈਸ਼ਨਲ ਵੈਕਸੀਨ ਹੈ ਜਿਸ ਨੂੰ ਮਨਜ਼ੂਰੀ ਮਿਲੀ ਹੈ।
ਇਸ ਤੋਂ ਪਹਿਲਾਂ ਕੋਵੀਸ਼ੀਲਡ, ਕੋਵੈਕਸੀਨ ਅਤੇ ਸਪੁਤਨਿਕ-5 ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ। ਕੋਵੀਸ਼ੀਲਡ ਨੂੰ ਸੀਰਮ ਇੰਸਟੀਚਿਊਟ ਬਣਾ ਰਹੀ ਹੈ ਜਦਕਿ ਕੋਵੈਕਸੀਨ ਨੂੰ ਭਾਰਤ ਬਾਇਉਟੈਕ ਅਤੇ ਆਈਸੀਐਮਆਰ ਬਣਾ ਰਹੇ ਹਨ। ਸਪੂਤਨਿਕ ਨੂੰ ਰੂਸ ਨੇ ਬਣਾਇਆ ਹੈ ਤੇ ਭਾਰਤ ਵਿਚ ਇਸ ਨੂੰ ਡਾ. ਰੈਡੀਜ਼ ਬਣਾਏਗੀ। ਮਾਡਰਨਾ ਨੇ ਕਿਹਾ ਹੈ ਕਿ ਅਮਰੀਕੀ ਸਰਕਾਰ ਨੇ ਮਾਡਰਨਾ ਕੋਵਿਡ ਵੈਕਸੀਨ ਦੀ ਡੋਜ਼ ਤੈਅ ਗਿਣਤੀ ਵਿਚ ਭਾਰਤ ਨੂੰ ਦਾਨ ਕਰਨ ਦੀ ਮਨਜ਼ੂਰੀ ਵੀ ਦੇ ਦਿਤੀ ਹੈ।
ਕੰਪਨੀ ਨੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗਨਾਈਜੇਸ਼ਨ ਤੋਂ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮੰਗੀ ਸੀ। ਮਾਡਰਨਾ ਅਤੇ ਫ਼ਾਈਜਰ ਉਨ੍ਹਾਂ ਕੰਪਨੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਅਪੀਲ ਕੀਤੀ ਸੀ ਕਿ ਉਹ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇਣ ਦੇ ਬਾਅਦ 100 ਲੋਕਾਂ ’ਤੇ ਹੋਣ ਵਾਲੇ ਲੋਕਲ ਟਰਾਇਲ ਦੀ ਬੰਦਸ਼ ਖ਼ਤਮ ਕਰੇ। ਪਰ ਸੂਤਰਾਂ ਦਾ ਕਹਿਣਾ ਹੈ ਕਿ ਸਿਪਲਾ ਨੂੰ ਇਹ ਟਰਾਇਲ ਕਰਨਾ ਪਵੇਗਾ।