ਮੁੰਬਈ: ਮੁੰਬਈ ਸਿਵਲ ਕੋਰਟ ਨੇ ਵਰਲੀ ਇਲਾਕੇ ਵਿਚ ਇਕ ਅਪਾਰਟਮੈਂਟ ਵਿਚ ਰਹਿਣ ਵਾਲੇ ਪਰਵਾਰ ਨੂੰ ਬਾਲਕਨੀ ਵਿਚ ਕਬੂਤਰਾਂ ਨੂੰ ਦਾਣਾ ਖਵਾਉਣ ’ਤੇ ਰੋਕ ਲਾ ਦਿਤੀ ਹੈ। ਸੁਸਾਇਟੀ ਵਿਚ ਕਬੂਤਰਾਂ ਦੀ ਗਿਣਤੀ ਵਧਣ ਦੇ ਬਾਅਦ ਗੁਆਂਢੀਆਂ ਨੇ ਇਸ ਸਬੰਧ ਵਿਚ ਸ਼ਿਕਾਇਤ ਕੀਤੀ ਸੀ। ਮਾਮਲਾ 2009 ਵਿਚ ਸ਼ੁਰੂ ਹੋਇਆ। ਵਰਲੀ ਦੀ ਵੀਨਸ ਹਾਊਸਿੰਗ ਸੁਸਾਇਟੀ ਵਿਚ ਰਹਿਣ ਵਾਲੇ ਦਲੀਪ ਸ਼ਾਹ ਦੇ ਉਪਰ ਵਾਲੇ ਫ਼ਲੈਟ ਵਿਚ ਜਾਨਵਰਾਂ ਲਈ ਕੰਮ ਕਰਨ ਵਾਲਾ ਕਾਰਕੁਨ ਰਹਿਣ ਆਇਆ। ਉਨ੍ਹਾਂ ਅਪਣੀ ਬਾਲਕਨੀ ਵਿਚ ਪੰਛੀਆਂ ਦੇ ਬੈਠਣ ਅਤੇ ਖਾਣ ਲਈ ਇਕ ਮੈਟਲ ਟਰੇਅ ਜ਼ਰੀਏ ਵੱਡਾ ਪਲੇਟਫ਼ਾਰਮ ਬਣਵਾਇਆ। ਦਲੀਪ ਸ਼ਾਹ ਅਤੇ ਉਨ੍ਹਾਂ ਦੀ ਪਤਨੀ ਨੇ ਦੋਸ਼ ਲਾਇਆ ਕਿ ਇਸ ਦੇ ਬਾਅਦ ਸੈਂਕੜੇ ਦੀ ਗਿਣਤੀ ਵਿਚ ਪੰਛੀ, ਕਬੂਤਰ ਇਥੇ ਆਉਣ ਲੱਗੇ। ਸ਼ੁਰੂ ਵਿਚ ਪੰਛੀਆਂ ਨੂੰ ਦਿਤਾ ਜਾਣ ਵਾਲਾ ਦਾਣਾ ਅਤੇ ਹੋਰ ਖਾਣੇ ਦਾ ਸਮਾਨ ਹੇਠਾਂ ਬਜ਼ੁਰਗ ਜੋੜੇ ਦੇ ਫ਼ਲੈਟ ਦੀ ਸਲਾਈਡਿੰਗ ਵਿੰਡੋ ਦੇ ਚੈਨਲ ’ਤੇ ਵੀ ਡਿੱਗਦਾ ਸੀ। ਹਾਲਾਂਕਿ ਬਾਅਦ ਵਿਚ ਟੋਕਣ ’ਤੇ ਇਹ ਦਾਣਾ ਡਿਗਣਾ ਬੰਦ ਹੋ ਗਿਆ ਪਰ ਪੰਛੀਆਂ ਦੀ ਗਿਣਤੀ ਅਤੇ ਉਨ੍ਹਾਂ ਦਾ ਸ਼ੋਰ ਵਧਦਾ ਗਿਆ। ਇਸ ਦੇ ਬਾਅਦ 2011 ਵਿਚ ਦਲੀਪ ਸ਼ਾਹ ਨੇ ਜਿਗਿਸ਼ਾ ਠਾਕੋਰੇ ਅਤੇ ਪਦਮਾ ਠਾਕੋਰੇ ਵਿਰੁਧ ਸਿਵਲ ਕੋਰਟ ਵਿਚ ਕੇਸ ਦਾਇਰ ਕੀਤਾ। ਸ਼ਾਹ ਨੇ ਸ਼ਿਕਾਇਤ ਵਿਚ ਕਿਹਾ ਕਿ ਇਥੇ ਆਉਣ ਵਾਲੇ ਪੰਛੀਆਂ ਦੀ ਬਿੱਠ ਅਤੇ ਦਾਣੇ ਵੀ ਹੇਠਾਂ ਡਿੱਗਦੇ ਹਨ। ਇਸ ਨਾਲ ਉਨ੍ਹਾਂ ਦੀ ਬਾਲਕਨੀ ਵਿਚ ਬਦਬੂ ਆਉਂਦੀ ਹੈ। ਦਾਣੇ ਬਹੁਤ ਛੋਟੇ ਸਨ, ਇਸ ਲਈ ਉਥੇ ਸਫ਼ਾਈ ਕਰਨਾ ਮੁਸ਼ਕਲ ਸੀ। ਆਖ਼ਰ ਇਹ ਮਾਮਲਾ ਜਸਟਿਸ ਏਐਚ ਲਡਾਡ ਕੋਲ ਗਿਆ ਅਤੇ ਉਨ੍ਹਾਂ ਦੋਹਾਂ ਧਿਰਾਂ ਦੀ ਦਲੀਲ ਸੁਣਨ ਮਗਰੋਂ ਕਿਹਾ, ‘ਮੇਰੀ ਰਾਏ ਵਿਚ ਪੰਛੀਆਂ ਨੂੰ ਮੈਟਲ ਟਰੇਲ ਵਿਚ ਦਾਣਾ ਪਾ ਕੇ ਖਵਾਉਣ ਵਾਲੇਪ ਰਵਾਰ ਦਾ ਵਰਤਾਅ ਜੋੜੇ ਨੂੰ ਪਰੇਸ਼ਾਨ ਕਰਨ ਵਾਲਾ ਹੈ ਕਿਉਂਕਿ ਉਨ੍ਹਾਂ ਦੀ ਬਾਲਕਨੀ ਇਯ ਪਰਵਾਰ ਦੀ ਬਾਲਕਨੀ ਦੇ ਬਿਲਕੁਲ ਹੇਠਾਂ ਹੈ। ਹਾਲਾਂਕਿ ਅਦਾਲਤ ਨੇ ਠਾਕੋਰੇ ਪਰਵਾਰ ਨੂੰ ਰਾਹਤ ਦਿੰਦੇ ਹੋਏ ਸੁਸਾਇਟੀ ਨੂੰ ਇਕ ਅਜਿਹੀ ਜਗ੍ਹਾ ਤੈਅ ਕਰਨ ਲਈ ਕਿਹਾ ਜਿਥੇ ਜਾ ਕੇ ਉਹ ਪੰਛੀਆਂ ਨੂੰ ਦਾਣਾ ਖਵਾ ਸਕਦੇ ਹਨ। ਇਸ ਦੇ ਨਾਲ ਅਦਾਲਤ ਨੇ ਠਾਕੋਰੇ ਪਰਵਾਰ ਨੂੰ ਅਪਣੀ ਬਾਲਕਨੀ ਵਿਚ ਪੰਛੀਆਂ ਨੂੰ ਦਾਣਾ ਨਾ ਪਾਉਣ ਲਈ ਕਿਹਾ ਹੈ।