ਸਿੰਗਾਪੁਰ : ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਾਲ-ਨਾਲ ਚੱਲਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਿੰਗਾਪੁਰ ਵਿਚ ਹੁਣ ਨਾ ਤਾਂ ਕੋਰੋਨਾ ਦੇ ਅੰਕੜੇ ਜਾਰੀ ਹੋਣਗੇ, ਨਾ ਯਾਤਰੀਆਂ ਨੂੰ ਇਕਾਂਤਵਾਸ ਕਰਨ ਦੀ ਲੋੜ ਹੋਵੇਗੀ। ਇਹ ਦੇਸ਼ ਹੁਣ ਆਮ ਹਾਲਾਤ ਵਲ ਵਧਣ ਦੀ ਤਿਆਰੀ ਕਰ ਰਿਹਾ ਹੈ। ਇਥੇ 18 ਮਹੀਨੇ ਪਹਿਲਾਂ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ। ਤਦ ਤੋਂ ਲੋਕ ਇਸ ਨਾਲ ਲੜ ਰਹੇ ਹਨ। ਸਾਰਿਆਂ ਦੇ ਮਨ ਵਿਚ ਇਕ ਹੀ ਸਵਾਲ ਹੈ-ਇਸ ਮਹਾਂਮਾਰੀ ਦਾ ਅੰਤ ਕਦੋਂ ਅਤੇ ਕਿਵੇਂ ਹੋਵੇਗਾ? ਮਾਹਰ ਕਹਿੰਦੇ ਹਨ ਕਿ ਹੁਣ ਇਸ ਨਾਲ ਰਹਿਣਾ ਸਿੱਖਣਾ ਪਵੇਗਾ। ਇਹ ਗੱਲ ਸਿੰਗਾਪੁਰ ਦੇ ਵਪਾਰ ਮੰਤਰੀ ਗਾਨ ਕਿਮ ਯੋਂਗ, ਵਿੱਤ ਮੰਤਰੀ ਲਾਰੇਂਸ ਵੋਂਗ ਅਤੇ ਸਿਹਤ ਮੰਤਰੀ ਉਂਗ ਯੇ ਕੁੰਗ ਨੇ ਅਖ਼ਬਾਰ ਵਿਚ ਲਿਖੇ ਲੇਖ ਵਿਚ ਕਹੀਆਂ ਹਨ। ਇਸ ਸੰਪਾਦਕੀ ਲੇਖ ਦੀ ਦੁਨੀਆਂ ਭਰ ਵਿਚ ਚਰਚਾ ਹੋ ਰਹੀ ਹੈ। ਚਰਚਾ ਇਸ ਲਈ ਹੋ ਰਹੀ ਹੈ ਕਿ ਕੋਰੋਨਾ ਨਾਲ ਸਭ ਤੋਂ ਵਧੀਆ ਤਰੀਕੇ ਨਾਲ ਨਿਪਟਣ ਵਾਲੇ ਦੇਸ਼ ਸਿੰਗਾਪੁਰ ਨੇ ਹੁਣ ਅਪਣੀਆਂ ਨੀਤੀਆਂ ਵਿਚ ਵੱਡਾ ਬਦਲਾਅ ਕਰਨ ਦਾ ਐਲਾਨ ਕਰ ਦਿਤਾ ਹੈ। ਸਿੰਗਾਪੁਰ ਹੁਣ ਕੋਵਿਡ ਨੂੰ ਨਾਰਮਲ ਫ਼ਲੂ ਯਾਨੀ ਸਰਦੀ-ਜ਼ੁਕਾਮ ਵਾਂਗ ਮੰਨ ਕੇ ਵਰਤਾਅ ਕਰੇਗਾ। 23 ਜਨਵਰੀ 2020 ਨੂੰ ਸਿੰਗਾਪੁਰ ਵਿਚ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਅਪ੍ਰੈਲ ਤਕ ਹੋਰ ਰੋਜ਼ 600 ਤੋਂ ਵੱਧ ਮਾਮਲੇ ਸਾਹਮਣੇ ਆਉਣ ਲੱਗੇ ਸਨ। ਅਗਸਤ 2020 ਵਿਚ ਇਕ ਛੋਟੀ ਲਹਿਰ ਦੇ ਬਾਅਦ ਕੋਰੋਨਾ ਤੇਜ਼ੀ ਨਾਲ ਨਹੀਂ ਫੈਲਿਆ। ਹਾਲਾਂਕਿ 57 ਲੱਖ ਦੀ ਆਬਾਦੀ ਵਾਲੇ ਸਿੰਗਾਪੁਰ ਵਿਚ ਹਾਲੇ ਵੀ ਹਰ ਰੋਜ਼ 20-30 ਨਵੇਂ ਮਾਮਲੇ ਆ ਰਹੇ ਹਨ ਅਤੇ ਦੇਸ਼ ਵਿਚ ਕੋਰੋਨਾ ਨਾਲ ਕੁਲ 36 ਲੋਕਾਂ ਦੀ ਮੌਤ ਹੋਈ ਹੈ।