ਨਵੀਂ ਦਿੱਲੀ : ਜਾਇਡਸ ਕੈਡਿਲਾ ਨੇ ਅਪਣੀ ਕੋਰੋਨਾ ਵੈਕਸੀਨ ਜਾਇਕੋਵ ਡੀ ਦੀ ਐਮਰਜੈਂਸੀ ਵਰਤੋਂ ਲਈ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਤੋਂ ਮਨਜ਼ੂਰੀ ਮੰਗੀ ਹੈ। ਇਹ ਵੈਕਸੀਨ 12 ਸਾਲ ਤੋਂ ਉਪਰ ਲੋਕਾਂ ਲਈ ਹੈ। ਇਸ ਦੇ ਫ਼ੇਜ਼ 3 ਦੀ ਟਰਾਇਲ ਪੂਰੀ ਹੋ ਚੁਕੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਸਾਲਾਨਾ 12 ਕਰੋੜ ਡੋਜ਼ ਬਣਾਉਣ ਦੀ ਯੋਜਨਾ ਹੈ। ਜਾਇਕੋਵ ਡੀ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਇਹ ਦੇਸ਼ ਵਿਚ ਪੰਜਵੀਂ ਪ੍ਰਵਾਨਤ ਵੈਕਸੀਨ ਹੋਵੇਗੀ। ਦੋ ਦਿਨ ਪਹਿਲਾਂ ਹੀ ਅਮਰੀਕੀ ਕੰਪਨੀ ਮਾਡਰਨਾ ਦੀ ਕੋਰੋਨਾ ਵੈਕਸੀਨ ਨੂੰ ਡੀਸੀਜੀਆਈ ਨੇ ਮਨਜ਼ੂਰੀ ਦਿਤੀ ਹੈ। ਇਸ ਤੋਂ ਪਹਿਲਾਂ ਕੋਵੀਸ਼ੀਲਡ, ਕੋਵੈਕਸੀਨ ਅਤੇ ਸਪੁਤਨਿਕ ਨੂੰ ਪ੍ਰਵਾਨਗੀ ਮਿਲੀ ਸੀ। ਜਾਇਕੋਵ ਡੀ ਦੇ ਫ਼ੇਜ਼ 3 ਟਰਾਇਲ 28000 ਲੋਕਾਂ ’ਤੇ ਕੀਤੇ ਗਏ ਸਨ। ਇਨ੍ਹਾਂ ਵਿਚ 1000 ਅਜਿਹੇ ਸਨ ਜਿਨ੍ਹਾਂ ਦੀ ਉਮਰ 12-18 ਸਾਲ ਸੀ। ਕੰਪਨੀ ਨੇ ਕੋਰੋਨਾ ਦੀ ਦੂਜੀ ਲਹਿਰ ਦੇ ਸਿਖਰ ਦੌਰਾਨ ਇਹ ਟਰਾਇਲ ਕੀਤੇ ਸਨ। ਜਾਇਡਸ ਕੈਡਿਲਾ ਦਾ ਕਹਿਣਾ ਹੈ ਕਿ ਉਸ ਦੀ ਵੈਕਸੀਨ ਕੋਰੋਨਾ ਦੇ ਡੈਲਟਾ ਵੈਰੀਅੰਟ ’ਤੇ ਵੀ ਅਸਰਦਾਰ ਹੈ। ਕੈਡਿਲਾ ਹੈਲਥ ਕੇਅਰ ਦੇ ਐਮ.ਡੀ. ਸ਼ਰਵਿਲ ਪਟੇਲ ਨੇ ਦਸਿਆ ਕਿ ਸਾਨੂੰ ਅਗਸਤ ਤੋਂ ਹਰ ਮਹੀਨੇ ਜ਼ੈਡਵਾਈ ਦੇ 1 ਕਰੋੜ ਡੋਜ਼ ਅਤੇ ਦਸੰਬਰ ਤਕ 5 ਕਰੋੜ ਡੋਜ਼ ਦਾ ਉਤਪਾਦਨ ਹੋਣ ਦੀ ਉਮੀਦ ਹੈ। ਸਾਡਾ ਟੀਚਾ ਇਕ ਸਾਲਵਿਚ 10 ਕਰੋੜ ਖ਼ੁਰਾਕਾਂ ਤਿਆਰ ਕਰਨਾ ਹੈ। ਇਹ ਵੈਕਸੀਨ ਸੂਈ ਦੀ ਬਜਾਏ ਜੈਟ ਇੰਜੈਕਟਰ ਨਾਲ ਲੱਗੇਗੀ। ਜੈਟ ਇੰਜੈਕਟਰ ਦੀ ਵਰਤੋਂ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਇਸ ਨਾਲ ਵੈਕਸੀਨ ਨੂੰ ਭਾਰੀ ਦਬਾਅ ਨਾਲ ਲੋਕਾਂ ਦੀ ਚਮੜੀ ਅੰਦਰ ਭੇਜਿਆ ਜਾਂਦਾ ਹੈ। ਇਸ ਦਾ ਸਭ ਤੋਂ ਪਹਿਲਾ ਫ਼ਾਇਦਾ ਤਾਂ ਇਹੋ ਹੈ ਕਿ ਇਸ ਨਾਲ ਲਗਵਾਉਣ ਵਾਲੇ ਨੂੰ ਦਰਦ ਘੱਟ ਹੁੰਦਾ ਹੈ ਕਿਉਂਕਿ ਇਹ ਆਮ ਇੰਜੈਕਸ਼ਨ ਵਾਂਗ ਤੁਹਾਡੇ ਮਸਲ ਦੇ ਅੰਦਰ ਨਹੀਂ ਜਾਂਦੀ।