ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਡਿਜੀਟਲ ਭਾਰਤ’ ਮੁਹਿੰਮ ਨੂੰ ਆਤਮਨਿਰਭਰ ਭਾਰਤ ਦੀ ਸਾਧਨਾ ਕਰਾਰ ਦਿੰਦਿਆਂ ਕਿਹਾ ਕਿ ਇਹ ਦਹਾਕਾ ਸੰਸਾਰ ਡਿਜੀਟਲ ਅਰਥਚਾਰੇ ਵਿਚ ਦੇਸ਼ ਦੀ ਹਿੱਸੇਦਾਰੀ ਨੂੰ ਬਹੁਤ ਜ਼ਿਆਦਾ ਵਧਾਉਣ ਵਾਲਾ ਹੈ। ਡਿਜੀਟਲ ਭਾਰਤ ਮੁਹਿੰਮ ਦੇ ਛੇ ਸਾਲ ਪੂਰੇ ਹੋਣ ਦੇ ਮੌਕੇ ’ਤੇ ਹੋਏ ਪ੍ਰੋਗਰਾਮ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਤਕਨੀਕ ਵਿਚ ਭਾਰਤ ਦੀਆਂ ਸਮਰੱਥਾਵਾਂ ਦੇ ਮੱਦੇਨਜ਼ਰ ਵੱਡੇ ਵੱਡੇ ਇਸ ਦਹਾਕੇ ਨੂੰ ‘ਭਾਰਤ ਦੇ ਟੇਕੇਡ’ ਦੇ ਰੂਪ ਵਿਚ ਵੇਖ ਰਹੇ ਹਨ। ਪ੍ਰਧਾਨ ਮੰਤਰੀ ਨੇ ‘ਡਿਜੀਟਲ ਭਾਰਤ’ ਪ੍ਰੋਗਰਾਮ ਦੇ ਕਈ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੇ ਅਨੁਭਵ ਜਾਣੇ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਇਸ ਮੌਕੇ ਮੌਜੂਦ ਸਨ। ਮੋਦੀ ਨੇ ਕਿਹਾ, ‘ਅੱਜ ਦਾ ਦਿਨ ਭਾਰਤ ਦੇ ਸੰਕਲਪ ਅਤੇ ਭਵਿੱਖ ਦੀਆਂ ਅਸੀਮ ਸੰਭਾਵਨਾਵਾਂ ਨੂੰ ਸਮਰਪਿਤ ਹੈ। ਇਹ ਦਹਾਕਾ ਡਿਜੀਟਲ ਤਕਨੀਕ ਵਿਚ ਭਾਰਤ ਦੀਆਂ ਸਮਰੱਥਾਵਾਂ ਨੂੰ ਗਲੋਬਲ ਡਿਜੀਟਲ ਅਰਥਚਾਰੇ ਵਿਚ ਭਾਰਤ ਦੀ ਹਿੱਸੇਦਾਰੀ ਨੂੰ ਬਹੁਤ ਜ਼ਿਆਦਾ ਵਧਾਉਣ ਵਾਲਾ ਹੈ। ਇਸ ਲਈ ਵੱਡੇ ਵੱਡੇ ਮਾਹਰ ਇਸ ਦਹਾਕੇ ਨੂੰ ਇੰਡੀਆਜ਼ ਟੇਕੇਡ ਦੇ ਰੂਪ ਵਿਚ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅੱਜ ਇਕ ਪਾਸੇ ਨਵੀਆਂ ਕਾਢਾਂ ਦਾ ਜਨੂਨ ਹੈ ਤਾਂ ਦੂਜੇ ਪਾਸੇ ਉਨ੍ਹਾਂ ਨਵੀਆਂ ਕਾਢਾਂ ਨੂੰ ਤੇਜ਼ੀ ਨਾਲ ਅਪਣਾਉਣ ਦਾ ਜਜ਼ਬਾ ਵੀ ਹੈ। ਉਨ੍ਹਾਂ ਕਿਹਾ, ‘ਇਸ ਲਈ, ਡਿਜੀਟਲ ਇੰਡੀਆ ਭਾਰਤ ਦਾ ਸੰਕਲਪ ਹੈ। ਡਿਜੀਟਲ ਇੰਡੀਆ, ਆਤਮਨਿਰਭਰ ਭਾਰਤ ਦੀ ਸਾਧਨਾ ਹੈ, ਡਿਜੀਟਲ ਇੰਡੀਆ 21ਵੀਂ ਸਦੀ ਵਿਚ ਮਜ਼ਬੂਤ ਹੁੰਦੇ ਭਾਰਤ ਦਾ ਨਾਹਰਾ ਹੈ।’ ਉਨ੍ਹਾਂ ਕਿਹਾ, ‘ਡਰਾਈਵਿੰਗ ਲਾਇਸੰਸ ਹੋਵੇ ਜਾਂ ਜਨਮ ਪ੍ਰਮਾਣ ਪੱਤਰ, ਬਿਜਲੀ ਦਾ ਬਿੱਲ ਭਰਨਾ ਹੋਵੇ ਜਾਂ ਪਾਣੀ ਦਾ ਬਿੱਲ ਭਰਨਾ ਹੋਵੇ, ਆਮਦਨ ਰਿਟਰਨ ਭਰਨੀ ਹੋਵੇ ਜਾਂ ਇਸ ਤਰ੍ਹਾਂ ਦੇ ਹੋਰ ਕੰਮ, ਹੁਣ ਕਵਾਇਦ ਡਿਜੀਟਲ ਇੰਡੀਆ ਦੀ ਮਦਦ ਨਾਲ ਬਹੁਤ ਆਸਾਨ ਹੋਈ ਹੈ।’