ਕੋਲਕਾਤਾ : ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਇਕ ਦੂਜੇ ਵਿਰੁਧ ਲਗਾਤਾਰ ਬਿਆਨ ਦਿੰਦੇ ਰਹੇ ਮਮਤਾ ਬੈਨਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਅੰਬਾਂ ਦੀ ਮਿਠਾਸ ਘੁਲ ਰਹੀ ਹੈ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਆਗੂਆਂ ਨੂੰ ਅੰਬ ਭੇਜੇ ਹਨ। ਇਸ ਨੂੰ ਮਮਤਾ ਦੀ ਮੈਂਗੋ ਪਾਲਿਟਿਕਸ ਕਿਹਾ ਜਾ ਰਿਹਾ ਹੈ। ਮਮਤਾ ਨੇ ਇਨ੍ਹਾਂ ਆਗੂਆਂ ਨੂੰ ਬੰਗਾਲ ਦੇ ਮਸ਼ਹੂਰ ਹਿਮ ਸਾਗਰ, ਲਕਸ਼ਮਣ ਭੋਗ ਅਤੇ ਮਾਲਦਾ ਅੰਬ ਭੇਜੇ ਹਨ। ਮਮਤਾ ਨੇ ਇਹ ਰਵਾਇਤ 10 ਸਾਲ ਪਹਿਲਾਂ 2011 ਵਿਚ ਸ਼ੁਰੂ ਕੀਤੀ ਸੀ ਜਦ ਉਹ ਪਹਿਲੀ ਵਾਰ ਬੰਗਾਲ ਦੀ ਮੁੱਖ ਮੰਤਰੀ ਬਣੀ ਸੀ। ਮੋਦੀ ਅਤੇ ਸ਼ਾਹ ਤੋਂ ਇਲਾਵਾ ਉਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕਇਆ ਨਾਇਡੂ, ਰਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਦੀ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਅੰਬ ਭੇਜੇ ਹਨ। ਮੋਦੀ ਨੇ ਪਿਛਲੇ ਸਾਲ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਬੇਸ਼ੱਕ ਮਮਤਾ ਨਾਲ ਉਸ ਦੀ ਰਾਜਸੀ ਵਿਰੋਧਤਾ ਹੈ ਪਰ ਦੋਹਾਂ ਦੇ ਰਿਸ਼ਤੇ ਕਾਫ਼ੀ ਚੰਗੇ ਹਨ। ਮਮਤਾ ਉਸ ਲਈ ਕੁਰਤਾ ਚੁਣਦੀ ਹੈ ਅਤੇ ਹਰ ਸਾਲ ਭੇਜਦੀ ਹੈ। ਉਹ ਜਾਣਦੀ ਹੈ ਕਿ ਮੈਨੂੰ ਬੰਗਾਲੀ ਮਠਿਆਈਆਂ ਪਸੰਦ ਹਨ, ਇਸ ਲਈ ਮਠਿਆਈਆਂ ਵੀ ਭੇਜਦੀ ਹੈ।