ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੌਰਾਨ ਇਸੇ ਸਾਲ 26 ਜਨਵਰੀ ਨੂੰ ਲਾਲ ਕਿਲੇ ਵਿਖੇ ਕੁੱਝ ਹਿੰਸਾ ਹੋਈ ਸੀ ਜਿਸ ਸਬੰਧੀ ਦਿੱਲੀ ਪੁਲਿਸ ਨੇ ਦੀਪ ਸਿੱਧੂ ਅਤ ਲੱਖਾ ਸਿਧਾਣਾ ਤੇ ਹੋਰ ਕਈ ਪੰਜਾਬੀਆਂ ਵਿਰੁਧ ਪਰਚਾ ਦਰਜ ਕੀਤਾ ਸੀ। ਇਸੇ ਕੇਸ ਦੇ ਸਬੰਧੀ ਵਿਚ ਬੀਤ ਦਿਨ ਦਿੱਲੀ ਪੁਲਿਸ ਨੇ ਲੱਖਾ ਸਿੱਧਾਣਾ ਤੋਂ ਕਈ ਘੰਟੇ ਪੁੱਛਗਿਛ ਕੀਤੀ ਹੈ। ਦਰਅਸਲ ਲੱਖਾ ਸਿਧਾਣਾ ਤੋਂ ਵੀਰਵਾਰ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸਮੇਂਪੁਰ ਬਾਦਲੀ ਕੇਸ ਵਿੱਚ ਪੁੱਛਗਿੱਛ ਕੀਤੀ। ਇਥੇ ਦਸ ਦਈਏ ਕਿ ਲੱਖਾ ਸਿਧਾਣਾ, ਮਨਜਿੰਦਰ ਸਿੰਘ ਸਿਰਸਾ ਦੇ ਨਾਲ ਦਿੱਲੀ ਆਏ ਸੀ ਜਿੱਥੇ ਉਨ੍ਹਾਂ ਪਹਿਲਾਂ ਗੁਰਦੁਆਰੇ ਵਿੱਚ ਸਿਰਸਾ ਦੇ ਨਾਲ ਮੱਥਾ ਟੇਕਿਆ ਫਿਰ ਸਿਰਸਾ ਦੇ ਨਾਲ ਹੀ ਕ੍ਰਾਇਮ ਬ੍ਰਾਂਚ ਦੇ ਪੁੱਛ ਗਿੱਛ ਵਿੱਚ ਸ਼ਾਮਲ ਹੋਏ। ਲੱਖਾ ਸਿਧਾਣਾ ਵੀਰਵਾਰ ਨੂੰ ਕਰੀਬ 2 ਵਜੇ ਦੁਪਿਹਰ ਰੋਹਣੀ ਸਥਿਤ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪਹੁੰਚੇ ਜਿੱਥੇ ਕਰੀਬ 4 ਘੰਟੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਲੱਖਾ 'ਤੇ ਦਿੱਲੀ ਪੁਲਿਸ ਨੇ ਇਨਾਮ ਵੀ ਜਾਰੀ ਕੀਤਾ ਹੋਇਆ ਹੈ। ਦੱਸ ਦੇਈਏ ਕਿ ਲੱਖਾ ਖਿਲਾਫ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਵਿੱਚ 26 ਜਨਵਰੀ ਲਾਲ ਕਿਲਾ ਹਿੰਸਾ ਦੇ ਦੋ ਮਾਮਲੇ ਵੀ ਦਰਜ ਹਨ। ਇਸ ਵਿੱਚ ਰੋਹਣੀ ਵਾਲੇ ਮਾਮਲੇ ਵਿੱਚ ਉਸ ਨੂੰ 16 ਤਾਰੀਖ ਤੱਕ ਗ੍ਰਿਫ਼ਤਾਰੀ ਤੋਂ ਅਦਾਲਤ ਵੱਲੋਂ ਰਾਹਤ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਲਾਲ ਕਿਲਾ ਹਿੰਸਾ ਦੇ ਦੂਜੇ ਮੁੱਖ ਮਾਮਲੇ ਵਿੱਚ ਲੱਖਾ ਨੂੰ 3 ਜੁਲਾਈ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਹੈ। ਕ੍ਰਾਈਮ ਬ੍ਰਾਂਚ ਇਸ ਮਾਮਲੇ ਵਿੱਚ ਲੱਖਾ ਸਿਧਾਣਾ ਤੋਂ ਇੱਕ ਵਾਰ ਫੇਰ ਪੁੱਛਗਿੱਛ ਕਰ ਸਕਦੀ ਹੈ।