ਗੁਰਦਾਸਪੁਰ : ਟਿੱਪਰ ਅਤੇ ਕਾਰ ਦੀ ਆਹਮੋ-ਸਾਹਮਣੇ ਅਜਿਹੀ ਟੱਕਰ ਵੱਜੀ ਕਿ ਇਕ ਪਰਵਾਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ। ਘਟਨਾ ਲੰਘੀ ਰਾਤ ਦੀ ਹੈ ਜਦੋਂ ਇਕ ਪਰਵਾਰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਘਰ ਪਰਤ ਰਿਹਾ ਸੀ। ਇਹ ਘਟਨਾ ਗੁਰਦਾਸਪੁਰ-ਡੇਰਾ ਬਾਬਾ ਨਾਨਕ ਰੋਡ ਪਿੰਡ ਖੋਖਰ ਨੇੜੇ ਵਾਪਰਿਆ ਤੇ ਇਕ ਪਰਿਵਾਰ ਦੀ ਬੱਚੀ ਸਣੇ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਦਵਾਈ ਲੈ ਕੇ ਕਲਾਨੌਰ ਜਾ ਰਿਹਾ ਸੀ ਅਤੇ ਰਸਤੇ ’ਚ ਸਾਹਮਣੇ ਤੋਂ ਆ ਰਹੇ ਇਕ ਟਿੱਪਰ ਨਾਲ ਟੱਕਰ ਹੋ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਕਰਮ ਮਸੀਹ ਆਲਟੋ ਕਾਰ ’ਤੇ ਸਵਾਰ ਹੋ ਕੇ 3 ਔਰਤਾਂ ਅਤੇ 3 ਸਾਲ ਦੀ ਬੱਚੀ ਨਾਲ ਕਲਾਨੌਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਖੋਖਰ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਮਿੱਟੀ ਨਾਲ ਭਰੇ ਟਿੱਪਰ ਨਾਲ ਆਹਣੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਖ਼ਤਰਨਾਕ ਸੀ ਕਿ ਕਾਰ ਪੂਰੀ ਤਰ੍ਹਾਂ ਟਿੱਪਰ ਦੇ ਹੇਠਾਂ ਵੜ ਗਈ ਅਤੇ ਚਾਲਕ ਸਮੇਤ ਕਾਰ ’ਚ ਸਵਾਰ ਤਿੰਨ ਔਰਤਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਤਿੰਨ ਸਾਲ ਦੀ ਬੱਚੀ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਜਾ ਕੇ ਉਹ ਵੀ ਦਮ ਤੋੜ ਗਈ। ਟਿੱਪਰ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਪਹਿਲਾਂ ਤਾਂ ਨੇੜਲੇ ਘਰਾਂ ਦੇ ਲੋਕ ਮੌਕੇ ਉਤੇ ਪੁੱਜੇ ਅਤੇ ਗੱਡੀ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲੱਗੇ ਅਤੇ ਇਸ ਮਗਰੋਂ ਪੁਲਿਸ ਨੂੰ ਸੂਚਨਾ ਦਿਤੀ ਗਈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਤੁਰਤ ਬਚਾਓ ਕਾਰਵਾਈ ਸ਼ੁਰੂ ਕਰ ਦਿਤੀ ਸੀ।