ਸ੍ਰੀਨਗਰ : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਲਸ਼ਕਰ ਏ ਤੋਇਬਾ ਦੇ ਪੰਜ ਅਤਿਵਾਦੀ ਮਾਰੇ ਗਏ ਅਤੇ ਫ਼ੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਦੇ ਬਾਅਦ ਸੁਰੱਖਿਆ ਬਲਾਂ ਨੇ ਪੁਲਵਾਮਾ ਜ਼ਿਲ੍ਹੇ ਦੇ ਰਾਜਪੁਰਾ ਦੇ ਹਾਜਿਨ ਪਿੰਡ ਵਿਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਅਤਿਵਾਦੀਆਂ ਦੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਉਣ ਨਾਲ ਮੁਹਿੰਮ ਮੁਕਾਬਲੇ ਵਿਚ ਬਦਲ ਗਈ। ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਦਾ ਢੁਕਵਾਂ ਜਵਾਬ ਦਿਤਾ। ਅਧਿਕਾਰੀ ਨੇ ਦਸਿਆ ਕਿ ਸ਼ੁਰੂਆਤੀ ਗੋਲੀਬਾਰੀ ਵਿਚ ਇਕ ਜਵਾਨ ਜ਼ਖ਼ਮੀ ਹੋ ਗਿਆ ਸੀ ਜਿਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮੌਕੇ ’ਤੇ ਹੋਰ ਬਲ ਭੇਜਿਆ ਗਿਆ ਅਤੇ ਮੁਕਾਬਲੇ ਵਿਚ ਪੰਜ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀਆਂ ਦਾ ਸਬੰਧ ਲਸ਼ਕਰ ਏ ਤੋਇਬਾ ਨਾਲ ਸੀ। ਉਨ੍ਹਾਂ ਦਸਿਆ ਕਿ ਮੁਹਿੰਮ ਹਾਲੇ ਜਾਰੀ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਅਤਿਵਾਦੀ ਸਰਗਰਮੀਆਂ ਮੱਠੀਆਂ ਰਹਿਣ ਮਗਰੋਂ ਹੁਣ ਫਿਰ ਵਧ ਗਈਆਂ ਹਨ। ਅਤਿਵਾਦੀ ਅਕਸਰ ਹਮਲਾ ਕਰ ਕੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਤਿਵਾਦੀਆਂ ਨੇ ਹੁਣ ਡਰੋਨ ਰਾਹੀਂ ਹਮਲੇ ਕਰਨ ਦਾ ਤਰੀਕਾ ਵੀ ਲੱਭ ਲਿਆ ਹੈ ਜੋ ਸੁਰੱਖਿਆ ਬਲਾਂ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ।