ਨਵੀਂ ਦਿੱਲੀ : ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੋਰੋਨਾ ਦੀ ਗੰਭੀਰ ਲਾਗ ਤੋਂ ਬਚਣ ਲਈ ਡਬਲ ਮਾਸਕਿੰਗ ਦੀ ਸਲਾਹ ਦਿਤੀ ਜਾ ਰਹੀ ਹੈ। ਡਬਲ ਮਾਸਕਿੰਗ ਯਾਨੀ ਇਕੋ ਸਮੇਂ ਦੋ ਮਾਸਕ ਪਾਉਣਾ। ਇਨ੍ਹਾਂ ਵਿਚੋਂ ਇਕ ਸਰਜੀਕਲ ਮਾਸਕ ਹੁੰਦਾ ਹੈ ਅਤੇ ਇਕ ਕਪੜੇ ਦਾ ਮਾਸਕ। ਕਪੜੇ ਦਾ ਮਾਸਕ ਦੀ ਤਾਂ ਮੁੜ ਵਰਤੋਂ ਹੁੰਦੀ ਹੈ। ਯਾਨੀ ਇਸ ਨੂੰ ਧੋ ਕੇ ਮੁੜ ਪਾਇਆ ਜਾ ਸਕਦਾ ਹੈ ਪਰ ਸਰਜੀਕਲ ਮਾਸਕ ਨੂੰ ਧੋ ਨਹੀਂ ਸਕਦੇ, ਇਸ ਲਈ ਜ਼ਿਆਦਾਤਰ ਲੋਕ ਇਸ ਨੂੰ ਲਾਉਣ ਤੋਂ ਬਚਦੇ ਹਨ ਕਿਉਂਕਿ ਉਹ ਇਸ ਨੂੰ ਸਿੰਗਲ ਯੂਜ਼ ਮਾਸਕ ਸਮਝਦੇ ਹਨ, ਪਰ ਅਜਿਹਾ ਨਹੀਂ ਹੈ, ਸਰਜੀਕਲ ਮਾਸਕ ਵੀ ਮੁੜ ਵਰਤੇ ਜਾ ਸਕਦੇ ਹਨ। ਸਿੰਗਲ ਮਾਸਕਿੰਗ ਲਈ ਵਰਤੇ ਗਏ ਸਰਜੀਕਲ ਮਾਸਕ ਨੂੰ ਸਿਰਫ਼ ਇਕ ਵਾਰ ਹੀ ਵਰਤਿਆ ਜਾ ਸਕਦਾ ਹੈ। ਇਨ੍ਹਾਂ ਨੂੰ ਧੋਇਆ ਨਹੀਂ ਜਾ ਸਕਦਾ ਪਰ ਡਬਲ ਮਾਸਕਿੰਗ ਕਰਨ ’ਤੇ ਸਰਜੀਕਲ ਮਾਸਕ ਨੂੰ 5 ਵਾਰ ਵਰਤਿਆ ਜਾ ਸਕਦਾ ਹੈ। ਡਬਲ ਮਾਸਕਿੰਗ ਵਿਚ ਵਰਤੇ ਗਏ ਸਰਜੀਕਲ ਮਾਸਕ ਨੂੰ ਸੱਤ ਦਿਨਾਂ ਲਈ ਸੁੱਕੀ ਥਾਂ ’ਤੇ ਰੱਖੋ। ਸੁਰੱਖਿਅਤ ਰੱਖਣ ਲਈ ਮਾਸਕ ਨੂੰ ਸੱਤ ਦਿਨਾਂ ਵਾਸਤੇ ਕਾਗ਼ਜ਼ ਦੇ ਲਿਫਾਫੇ ਵਿਚ ਵੀ ਰੱਖ ਸਕਦੇ ਹੋ। ਸੱਤ ਦਿਨਾਂ ਵਿਚਾਲੇ ਮਾਸਕ ਨੂੰ ਧੁੱਧ ਵਿਚ ਜ਼ਰੂਰ ਰੱਖੋ। ਸੱਤ ਦਿਨਾਂ ਬਾਅਦ ਇਸ ਨੂੰ ਮੁੜ ਮਾਸਕਿੰਗ ਲਈ ਵਰਤੋ। ਇਸ ਨੂੰ ਧੋਇਆ ਨਾ ਜਾਵੇ। ਜੇ ਸਰਜੀਕਲ ਮਾਸਕ ਦੀ ਵਰਤੋਂ ਸਿੰਗਲ ਮਾਸਕਿੰਗ ਵਿਚ ਹੋਈ ਹੈ ਤਾਂ ਇਸ ਨੂੰ ਮੁੜ ਨਾ ਵਰਤੋ। ਲਗਾਤਾਰ ਸੱਤ ਦਿਨਾਂ ਤਕ ਸਰਜੀਕਲ ਮਾਸਕ ਨੂੰ ਕਿਸੇ ਪੇਪਰ ਵਿਚ ਰੱਖਣ ਦੇ ਬਾਅਦ ਕੋਰੋਨਾ ਵਾਇਰਸ ਦਾ ਖ਼ਤਰਾ ਮਹਿਜ਼ 0.1 ਫ਼ੀਸਦੀ ਰਹਿੰਦਾ ਹੈ। ਕਿਸੇ ਪੇਪਰ ਦੇ ਲਿਫਾਫੇ ਵਿਚ ਸਰਜੀਕਲ ਮਾਸਕ ਨੂੰ ਸੱਤ ਦਿਨਾਂ ਲਈ ਬੰਦ ਕਰ ਕੇ ਰੱਖੋ। ਫਿਰ ਇਸ ਮਾਸਕ ਨੂੰ ਡਬਲ ਮਾਸਕਿੰਗ ਲਈ ਵਰਤੋ।