ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਿਕੈਸ਼ ਟਿਕੈਤ ਦੀ ਸੁਰੱਖਿਆ ਵਧਾਈ ਗਈ ਹੈ। ਸਰਕਾਰ ਦੇ ਹੁਕਮ ’ਤੇ ਮੁਜ਼ੱਫ਼ਰਨਗਰ ਪੁਲਿਸ ਲਾਈਨ ਤੋਂ ਉਨ੍ਹਾਂ ਨੂੰ ਦੋ ਹੋਰ ਸੁਰੱਖਿਆ ਮੁਲਾਜ਼ਮ ਉਪਲਭਧ ਕਰਾਏ ਗਏ ਹਨ। ਹੁਣ ਤਿੰਨ ਪੁਲਿਸ ਮੁਲਾਜ਼ਮ ਉਨ੍ਹਾਂ ਦੀ ਸੁਰੱਖਿਆ ਵਿਚ ਤੈਨਾਤ ਰਹਿਣਗੇ। ਟਿਕੈਤ ਨੂੰ ਮਿਲ ਰਹੀਆਂ ਲਗਾਤਾਰ ਧਮਕੀਆਂ ਕਾਰਨ ਸੁਰੱਖਿਆ ਵਧਾਈ ਗਈ ਹੈ। ਟਿਕੈਤ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਬੀਤੇ ਸੱਤ ਹਫ਼ਤਿਆਂ ਤੋਂ ਦਿੱਲੀ ਦੇ ਗਾਜ਼ੀਪੁਰ ਬਾਰਡਰ ’ਤੇ ਅੰਦੋਲਨ ਕਰ ਰਹੇ ਹਨ। ਉਨ੍ਹਾਂ ਨੂੰ ਤਿੰਨ ਵਾਰ ਧਮਕੀ ਮਿਲ ਚੁਕੀ ਹੈ। ਸਰਕਾਰ ਨੇ ਗਾਜ਼ੀਆਬਾਦ ਪ੍ਰਸ਼ਾਸਨ ਤੋਂ ਰੀਪੋਰਟ ਮੰਗੀ ਸੀ ਜਿਸ ਦੇ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਪੁਲਿਸ ਲਾਈਨ ਤੋਂ ਦੋ ਹੋਰ ਸੁਰੱਖਿਆ ਮੁਲਾਜ਼ਮ ਭੇਜ ਦਿਤੇ ਗਏ ਹਨ। ਜ਼ਿਕਰਯੋਗ ਹੈ ਕਿ ਟਿਕੈਤ ਅੰਦੋਲਨ ਵਾਸਤੇ ਹਮਾਇਤ ਲੈਣ ਲਈ ਵੱਖ ਵੱਖ ਥਾਵਾਂ ਦਾ ਦੌਰਾ ਵੀ ਕਰਦੇ ਹਨ। ਬੰਗਾਲ ਚੋਣਾਂ ਦੌਰਾਨ ਉਹ ਉਥੇ ਭਾਜਪਾ ਵਿਰੁਧ ਪ੍ਰਚਾਰ ਕਰਨ ਗਏ ਸਨ। ਉਹ ਪੰਜਾਬ ਦੌਰੇ ’ਤੇ ਵੀ ਆਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਤਿੰਨ ਵਾਰ ਧਮਕੀਆਂ ਮਿਲ ਚੁਕੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਿਸਾਨ ਮੰਚ ਵਿਚ ਭਾਜਪਾ ਦੇ ਕਾਰਕੁਨਾਂ ਨੇ ਕਾਫ਼ੀ ਹੰਗਾਮਾ ਕੀਤਾ ਸੀ। ਕਿਸਾਨਾਂ ਨੇ ਭਾਜਪਾ ਕਾਰਕੁਨਾਂ ਨੂੰ ਕੁੱਟ ਕੇ ਭਜਾ ਦਿਤਾ ਸੀ। ਇਸ ਮਾਮਲੇ ਵਿਚ ਕਿਸਾਨ ਆਗੂਆਂ ਵਿਰੁਧ ਪਰਚਾ ਦਰਜ ਕੀਤਾ ਗਿਆ ਸੀ ਜਿਸ ਨੂੰ ਰੱਦ ਕਰਾਉਣ ਲਈ ਧਰਨਾ ਲਾ ਦਿਤਾ ਗਿਆ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਪਰਚਾ ਦਰਜ ਨਹੀਂ ਕੀਤਾ ਗਿਆ।