ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਗਰਭਵਤੀ ਔਰਤਾਂ ਨੂੰ ਕੋਰੋਨਾ ਦੀ ਵੈਕਸੀਨ ਲਗਵਾਉਣ ਦੀ ਪ੍ਰਵਾਨਗੀ ਦੇ ਦਿਤੀ ਹੈ। ਇਸ ਵਾਸਤੇ ਨੈਸ਼ਨਲ ਟੈਕਨੀਕਲ ਅਡਵਾਇਜ਼ਰੀ ਗਰੁਪ ਆਫ਼ ਇਮੂਨਾਈਜੇਸ਼ਨ ਨੇ ਸਿਫ਼ਾਰਸ਼ ਕੀਤੀ ਸੀ। ਗਰਭਵਤੀ ਔਰਤਾਂ ਨੂੰ ਟੀਕਾਕਰਨ ਲਈ ਕੋਵਿਨ ਐਪ ’ਤੇ ਰਜਿਸਟਰੇਸ਼ਨ ਕਰਾਉਣੀ ਪਵੇਗੀ ਜਾਂ ਉਹ ਅਪਣੇ ਘਰ ਲਾਗੇ ਟੀਕਾਕਰਨ ਕੇਂਦਰ ਜਾ ਸਕਦੀਆਂ ਹਨ। ਕਈ ਦੇਸ਼ਾਂ ਨੇ ਗਰਭਵਤੀ ਔਰਤਾਂ ਦਾ ਟੀਕਾਕਰਨ ਸ਼ੁਰੂ ਕਰ ਦਿਤਾ ਹੈ। ਅਮਰੀਕਾ ਦੇ ਐਫ਼ਡੀਏ ਨੇ ਫ਼ਾਈਜ਼ਰ ਅਤੇ ਮਾਡਰਨਾ ਦੇ ਟੀਕਿਆਂ ਨੂੰ ਇਸ ਲਈ ਮਨਜ਼ੂਰੀ ਦੇ ਦਿਤੀ ਹੈ। ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੋਣ ਦੇ ਬਾਵਜੂਦ ਹਰ ਦਿਨ ਔਸਤਨ 46 ਹਜ਼ਾਰ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਹਾਲਾਂਕਿ ਪਿਛਲੇ ਦੇ ਮੁਕਾਬਲੇ ਇਸ ਹਫ਼ਤੇ ਲਾਗ ਦੇ ਮਾਮਲਿਆਂ ਵਿਚ 13 ਫ਼ੀਸਦੀ ਕਮੀ ਆਈ ਹੈ। ਕੁਝ ਹਿੱਸਿਆਂ ਵਿਚ ਲਾਗ ਹਾਲੇ ਵੀ ਕਾਬੂ ਵਿਚ ਨਹੀਂ ਹੈ। ਦੇਸ਼ ਦੇ 71 ਜ਼ਿਲਿ੍ਹਆਂ ਵਿਚ ਪਾਜ਼ੇਟਿਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ। ਸਿਹਤ ਮੰਤਰਾਲੇ ਨੇ ਦਸਿਆ ਕਿ ਮਹਾਂਮਾਰੀ ਦੇ ਸਿਖਰ ਦੇ ਸਮੇਂ ਦੇਸ਼ ਵਿਚ ਜਿੰਨੇ ਐਕਟਿਵ ਕੇਸ ਸਨ, ਉਨ੍ਹਾਂ ਵਿਚ 86 ਫ਼ੀਸਦੀ ਦੀ ਕਮੀ ਹੋਈ ਹੈ। ਭਾਰਤ ਵਿਚ ਪਹਿਲੀ ਲਹਿਰ ਦਾ ਸਿਖਰ 16 ਸਤੰਬਰ 2020 ਨੂੰ ਆਇਆ। ਉਸ ਦਿਨ ਦੇਸ਼ ਵਿਚ ਕੁਲ 97860 ਕੇਸ ਆਏ।