ਨਵੀਂ ਦਿੱਲੀ : ਛੇ ਰਾਜਾਂ ਵਿਚ ਕੋਰੋਨਾ ਦੇ ਕੇਸ ਵਧਣ ਕਾਰਨ ਕੇਂਦਰ ਸਰਕਾਰ ਚੌਕਸ ਹੋ ਗਈ ਹੈ। ਕੇਂਦਰ ਨੇ ਇਨ੍ਹਾਂ ਰਾਜਾਂ ਵਿਚ ਉਚ ਪਧਰੀ ਟੀਮਾਂ ਭੇਜੀਆਂ ਹਨ। ਇਹ ਰਾਜ ਕੇਰਲਾ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਉੜੀਸਾ, ਛੱਤੀਸਗੜ੍ਹ ਅਤੇ ਮਣੀਪੁਰ ਹਨ। ਕੇਂਦਰ ਦੀਆਂ ਟੀਮਾਂ ਇਥੇ ਕੋਰੋਨਾ ਨੂੰ ਕੰਟਰੋਲ ਕਰਨ ਅਤੇ ਕੰਟੇਨਮੈਂਟ ਵਿਚ ਮਦਦ ਕਰਨਗੀਆਂ। ਇਨ੍ਹਾਂ ਟੀਮਾਂ ਵਿਚ ਇਕ ਇਕ ਕਲੀਨੀਸ਼ੀਅਨ ਅਤੇ ਇਕ ਇਕ ਜਨ ਸਿਹਤ ਪੇਸ਼ੇਵਰ ਸ਼ਾਮਲ ਹੈ। ਸਰਕਾਰ ਦਾ ਕਹਿਣਾ ਹੈ ਕਿ ਕੇਂਦਰੀ ਸਿਹਤ ਟੀਮਾਂ ਸ਼ੁਰੂਆਤੀ ਤੌਰ ’ਤੇ ਇਹ ਵੇਖਣਗੀਆਂ ਕਿ ਇਨ੍ਹਾਂ ਰਾਜਾ ਵਿਚ ਕੀ ਮੁਸ਼ਕਲਾਂ ਆ ਰਹੀਆਂ ਹਨ। ਫਿਰ ਰਾਜਾਂ ਨਾਲ ਮਿਲ ਕੇ ਕੋਰੋਨਾ ਲਾਗ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਪੱਕਾ ਕੀਤਾ ਜਾਵੇਗਾ। ਇਹ ਵੇਖਿਆ ਜਾਵੇਗਾ ਕਿ ਕੋਵਿਡ ਮੈਨੇਜਮੈਂਟ ਕਿਵੇਂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਟੈਸਟਿੰਗ ’ਤੇ ਵਿਸ਼ੇਸ਼ ਜ਼ੋਰ ਦਿਤਾ ਜਾਵੇਗਾ। ਹਸਪਤਾਲਾਂ ਵਿਚ ਬੈਡ, ਐਂਬੂਲੈਂਸ, ਵੈਂਟੀਲੇਟਰ ਅਤੇ ਮੈਡੀਕਲ ਆਕਸੀਜਨ ਜਿਹੀਆਂ ਸਹੂਲਤਾਂ ਦੇ ਨਾਲ ਹੀ ਵੈਕਸੀਨੇਸ਼ਨ ਦੀ ਪ੍ਰਗਤੀ ਵੀ ਵੇਖੀ ਜਾਵੇਗੀ। ਇਸੇ ਦੇ ਆਧਾਰ ’ਤੇ ਕੇਂਦਰ ਦੀਆਂ ਟੀਮਾਂ ਸਥਿਤੀ ’ਤੇ ਨਜ਼ਰ ਰੱਖਣਗੀਆਂ ਅਤੇ ਰਾਜਾਂ ਨੂੰ ਸੁਝਾਅ ਦੇਣਗੀਆਂ। ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਕੋਰੋਨਾ ਮਾਮਲਿਆਂ ਵਿਚ 90 ਫ਼ੀ ਸਦੀ ਤਕ ਕਮੀ ਆ ਗਈ ਹੈ। ਇਸ ਹਾਲਾਤ ਵਿਚ ਇਨ੍ਹਾਂ ਰਾਜਾਂ ਵਿਚ ਕੋਵਿਡ ਦੇ ਕੇਸ ਵਧਣਾ ਲਾਜ਼ਮੀ ਤੌਰ ’ਤੇ ਚਿੰਤਾ ਦਾ ਕਾਰਨ ਹੈ। ਕੇਂਦਰ ਦੀ ਕੋਸ਼ਿਸ਼ ਹੈ ਕਿ ਇਸ ਸਥਿਤੀ ਨੂੰ ਸ਼ੁਰੂਆਤੀ ਦੌਰ ਵਿਚ ਹੀ ਕਾਬੂ ਹੇਠ ਲਿਆਂਦਾ ਜਾਵੇ ਜਿਸ ਕਾਰਨ ਫ਼ੌਰੀ ਤੌਰ ’ਤੇ ਇਹ ਟੀਮਾਂ ਭੇਜੀਆਂ ਗਈਆਂ ਹਨ।