ਨਵੀਂ ਦਿੱਲੀ : ਕੋਰੋਨਾ ਦੇ ਮਾਮਲੇ ਬੇਸ਼ੱਕ ਘਟ ਰਹੇ ਹਨ ਪਰ ਇਸ ਲਈ ਸਾਵਧਾਨੀਆਂ ਅਜੇ ਵੀ ਉਨੀਆਂ ਹੀ ਜ਼ਰੂਰੀ ਹਨ ਜਿਨੀਆਂ ਪਹਿਲਾਂ ਸਨ। ਅੱਜ ਕੇਂਦਰ ਸਰਕਾਰ ਨੇ ਕਿਹਾ ਕਿ ਦੇਸ਼ ਦੇ 71 ਜ਼ਿਲਿਆਂ ਵਿਚ 23 ਤੋਂ 29 ਜੂਨ ਦੇ ਹਫਤੇ ਵਿਚ ਕੋਵਿਡ-19 ਦੀ ਇਨਫੈਕਸ਼ਨ ਦਰ 10 ਫੀਸਦੀ ਤੋਂ ਵਧੇਰੇ ਸੀ। ਨਾਲ ਹੀ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਅਜੇ ਖਤਮ ਨਹੀਂ ਹੋਈ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਵਿਚ 21 ਜੂਨ ਤੋਂ ਔਸਤਨ 50 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ, ਜੋ ਕਿ ਨਾਰਵੇ ਦੀ ਆਬਾਦੀ ਦੇ ਬਰਾਬਰ ਹੈ। ਦਰਅਸਲ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਵਿਚ ਕੇਸ ਜ਼ਰੂਰ ਘੱਟ ਹੋ ਰਹੇ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਖਤਰਾ ਅਜੇ ਟਲ ਗਿਆ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਟੀਕਾਕਰਨ ਅਤੇ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਅਜੇ ਖ਼ਤਮ ਨਹੀਂ ਹੋਈ ਹੈ, ਇਸ ਲਈ ਲਾਪਰਵਾਹੀ ਨਾ ਵਰਤੋ। ਮਹਾਂਮਾਰੀ ਦੀ ਸਥਿਤੀ ਬਾਰੇ ਇੱਕ ਪ੍ਰੈਸ ਕਾਨਫਰੰਸ ਵਿਚ ਇੱਕ ਅਧਿਕਾਰੀ ਨੇ ਕਿਹਾ ਕਿ ਲੋਕ ਆਪਣੇ ਸੁਰੱਖਿਆ ਉਪਾਅ ਘਟਾ ਨਹੀਂ ਸਕਦੇ ਅਤੇ ਨਾ ਹੀ ਕਰਨੇ ਚਾਹੀਦੇ ਹਨ। ਸਰਕਾਰ ਨੇ ਕਿਹਾ ਕਿ 16 ਜਨਵਰੀ ਨੂੰ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤੱਕ 34 ਕਰੋੜ ਲੋਕਾਂ, ਜੋ ਕਿ ਅਮਰੀਕਾ ਦੀ ਆਬਾਦੀ ਦੇ ਬਰਾਬਰ ਹੈ, ਨੂੰ ਕੋਵਿਡ ਟੀਕਿਆਂ ਦੀ ਘੱਟ ਤੋਂ ਘੱਟ ਇਕ ਖੁਰਾਕ ਦਿੱਤੀ ਜਾ ਚੁੱਕੀ ਹੈ। ਉਸ ਨੇ ਕਿਹਾ ਕਿ ਦੇਸ਼ ਵਿਚ ਤਕਰੀਬਨ 80 ਫੀਸਦੀ ਸਿਹਤ ਕਰਮਚਾਰੀ, ਮੋਹਰੀ ਮੋਰਚੇ ਦੇ 90 ਫੀਸਦੀ ਕਰਮਚਾਰੀ ਕੋਵਿਡ ਰੋਕੂ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ।