ਮਨੀਲਾ : ਫ਼ਿਲੀਪੀਨ ਦੇ ਦਖਣੀ ਸੂਬੇ ਵਿਚ ਫ਼ੌਜੀ ਬਲਾਂ ਨੂੰ ਲਿਜਾ ਰਹੇ ਹਵਾਈ ਫ਼ੌਜ ਦੇ ਇਕ ਸੀ-130 ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਘੱਟੋ ਘੱਟ 17 ਜਣਿਆਂ ਦੀ ਮੌਤ ਹੋ ਗਈ ਅਤੇ ਜਹਾਜ਼ ਦੇ ਜਲ ਰਹੇ ਮਲਬੇ ਵਿਚੋਂ ਘੱਟੋ ਘੱਟ 40 ਲੋਕਾਂ ਨੂੰ ਬਚਾ ਲਿਆ ਗਿਆ। ਫ਼ਿਲੀਪੀਨ ਦੇ ਰਖਿਆ ਮੰਤਰੀ ਡੈਲਫ਼ਿਲ ਲੋਰੇਂਜਾਨਾ ਨੇ ਦਸਿਆ ਕਿ ਬਚਾਅ ਕਾਰਜ ਜਾਰੀ ਹੈ। ਉਨ੍ਹਾਂ ਦਸਿਆ ਕਿ ਜਹਾਜ਼ ਵਿਚ ਤਿੰਨ ਚਾਲਕਾਂ ਅਤੇ ਚਾਲਕ ਦਲ ਦੇ ਪੰਜ ਮੈਂਬਰਾਂ ਸਮੇਤ 92 ਲੋਕ ਸਵਾਰ ਸਨ। ਜਹਾਜ਼ ਵਿਚ ਸਵਾਰ ਬਾਕੀ ਲੋਕ ਫ਼ੌਜੀ ਮੁਲਾਜ਼ਮ ਸਨ। ਲਾਕਹੀਡ ਸੀ 130 ਹਰਕਿਊਲਿਸ ਫ਼ਿਲੀਪੀਨ ਨੂੰ ਫ਼ੌਜੀ ਸਹਾਇਤਾ ਦੇ ਰੂਪ ਵਿਚ ਇਸ ਸਾਲ ਸੌਂਪੇ ਗਏ ਅਮਰੀਕੀ ਹਵਾਈ ਫ਼ੌਜ ਦੇ ਦੋ ਸਾਬਕਾ ਜਹਾਜ਼ਾਂ ਵਿਚੋਂ ਇਕ ਸੀ। ਚੀਫ਼ ਆਫ਼ ਸਟਾਫ਼ ਜਨਰਲ ਸਿਰੀਲਿਟੋ ਸੋਬੇੇਜਾਨਾ ਨੇ ਦਸਿਆ ਕਿ ਜਹਾਜ਼ ਐਤਵਾਰ ਦੁਪਹਿਰ ਨੂੰ ਸੁਲੂ ਪ੍ਰਾਂਤ ਵਿਚ ਪਰਬਤੀ ਕਸਬੇ ਪਾਟੀਕੁਲ ਦੇ ਬਾਂਗਕਲ ਪਿੰਡ ਵਿਚ ਉਤਰਨ ਤੋਂ ਕੁਝ ਹੀ ਦੇਰ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਸੋਬੇਜਾਨਾ ਨੇ ਦਸਿਆ ਕਿ ਜਹਾਜ਼ ਦਖਣੀ ਕਾਗਾਯਨ ਡੀ ਓਰੋ ਸ਼ਹਿਰ ਤੋਂ ਫ਼ੌਜੀ ਬਲਾਂ ਨੂੰ ਲਿਜਾ ਰਿਹਾ ਸੀ। ਸਰਕਾਰੀ ਬਲ ਸੁਲੂ ਦੇ ਮੁਸਲਿਮ ਬਹੁਤ ਪ੍ਰਾਂਤ ਵਿਚ ਅਬੂ ਸਯਾਫ਼ ਅਤਿਵਾਦੀਆਂ ਵਿਰੁਧ ਦਹਾਕਿਆਂ ਤੋਂ ਲੜ ਰਹੇ ਹਨ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨ ਤੁਰੰਤ ਪਤਾ ਨਹੀਂ ਲੱਗ ਸਕੇ।