ਨਵੀਂ ਦਿੱਲੀ: ਭਾਰਤ ਵਿਚ ਬੇਸ਼ੱਕ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਮਜ਼ੋਰ ਪੈ ਰਹੀ ਹੈ ਪਰ ਏਸ਼ੀਆ ਮਹਾਂਦੀਪ ਵਿਚ ਹੁਣ ਵੀ ਕਈ ਅਜਿਹੇ ਦੇਸ਼ ਹਨ ਜਿਥੇ ਲਾਗ ਵੱਧ ਰਹੀ ਹੈ ਹਾਲਾਂਕਿ ਇਹ ਵੀ ਤੱਥ ਹੈ ਕਿ ਭਾਰਤ ਵਿਚ ਹੀ ਹੁਣ ਤਕ ਏਸ਼ੀਆ ਦੇ ਸਭ ਤੋਂ ਜ਼ਿਆਦਾ ਕੋਰੋਨਾ ਪੀੜਤ ਮਿਲੇ ਹਨ। ਜੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਜਾ ਰਹੇ ਟੀਕਾਕਰਨ ਦੀ ਗੱਲ ਕਰੀਏ ਤਾਂ ਪੂਰੇ ਏਸ਼ੀਆ ਵਿਚ ਇਸ ਦੀ ਰਫ਼ਤਾਰ ਮੱਠੀ ਹੈ। ਨਾਲ ਹੀ ਭਾਰਤ ਵਿਚ ਕੋਰੋਨਾ ਵਾਇਰਸ ਦੇ ਡੈਲਟਾ ਵਾਇਰਸ ਦਾ ਖ਼ਤਰਾ ਵੱਧ ਰਿਹਾ ਹੈ। ਭਾਰਤ ਵਿਚ ਹੀ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਵਿਸ਼ਵ ਸਿਹਤ ਸੰਗਠਨ ਨੇ ਵੀ ਹਾਲ ਵਿਚ ਦੁਨੀਆਂ ਨੂੰ ਕੋਰੋਨਾ ਦੇ ਡੈਲਟਾ ਵੈਰੀਅੰਟ ਸਬੰਧੀ ਚੌਕਸ ਕੀਤਾ ਹੈ। ਕਿਹਾ ਗਿਆ ਹੈ ਕਿ ਇਹ ਕਿਸਮ ਜ਼ਿਆਦਾ ਖ਼ਤਰਨਾਕ ਅਤੇ ਛੂਤ ਵਾਲੀ ਹੈ। ਏਸ਼ੀਆ ਵਿਚ ਕੋਰੋਨਾ ਲਾਗ ਦੇ ਸਭ ਤੋਂ ਜ਼ਿਆਦਾ ਮਾਮਲੇ ਭਾਰਤ ਵਿਚ ਹੀ ਸਾਹਮਣੇ ਆਏ ਹਨ। ਇਥੇ ਹੁਣ ਤਕ ਕੁਲ 3.05 ਕਰੋੜ ਲੋਕ ਕੋਰੋਨਾ ਪੀੜਤ ਹੋਏ ਹਨ। 4 ਲੱਖ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਦੇਸ਼ ਵਿਚ ਹੁਣ ਕੁਲ 4.95 ਲੱਖ ਐਕਟਿਵ ਕੇਸ ਹਨ। 2.96 ਕਰੋੜ ਲੋਕ ਠੀਕ ਹੋ ਚੁਕੇ ਹਨ। ਦੇਸ਼ ਵਿਚ ਰਿਕਵਰੀ ਰੇਟ ਵੱਧ ਕੇ 96.97 ਫ਼ੀਸਦੀ ਹੋ ਗਈ ਹੈ। ਏਸ਼ੀਆ ਵਿਚ ਭਾਰਤ ਦੇ ਬਾਅਦ ਕੋਰੋਨਾ ਦੀ ਸਭ ਤੋਂ ਜ਼ਿਆਦਾ ਮਾਰ ਤੁਰਕੀ ’ਤੇ ਪਈ ਹੈ। ਇਥੇ ਲਾਗ ਦੇ ਹੁਣ ਤਕ 54.30 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ। 49 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਫ਼ਿਲਹਾਲ 80146 ਐਕਟਿਵ ਕੇਸ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਤੀਜੀ ਲਹਿਰ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਲਈ ਪਹਿਲਾਂ ਵਾਲੀਆਂ ਸਾਵਧਾਨੀਆਂ ਵਰਤਦੇ ਰਹਿਣ ਦੀ ਲੋੜ ਹੈ। ਇਰਾਨ, ਇੰਡੋਨੇਸ਼ੀਆ, ਫ਼ਿਲੀਪੀਨ, ਪਾਕਿਸਤਾਨ ਵਿਚ ਵੀ ਤੀਜੀ ਲਹਿਰ ਦਾ ਖ਼ਤਰਾ ਮੰਡਰਾ ਰਿਹਾ ਹੈ। ਇਥੇ ਵੀ ਡੈਲਟਾ ਦੇ ਕਾਫ਼ੀ ਕੇਸ ਸਾਹਮਣੇ ਆ ਰਹੇ ਹਨ।