ਟੈਲਕਮ ਪਾਊਡਰ ਦਸ ਕੇ ਹੁੰਦੀ ਸੀ ਬੁਕਿੰਗ
ਮੁੰਬਈ : ਹਾਲੇ ਬੀਤੇ ਕਲ ਪਠਾਨਕੋਟ ਤੋਂ ਇਕ ਨਸ਼ਾ ਤਸਕਰ ਕਾਬੂ ਕੀਤਾ ਗਿਆ ਸੀ ਜਿਸ ਵਲੋਂ ਕੀਤੇ ਖੁਲਾਸੇ ਮਗਰੋਂ ਅੱਜ ਹੀ ਦਿੱਲੀ ਵਿਖੇ ਇਕ ਹੈਰੋਇਨ ਫ਼ੈਕਟਰੀ ਦਾ ਪਤਾ ਲੱਗਾ ਸੀ ਅਤੇ ਹੁਣ ਇਕ ਹੋਰ ਵੱਡਾ ਖੁਲਾਸਾ ਹੋ ਗਿਆ ਹੈ। ਦਰਅਸਲ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਅਫ਼ਗਾਨਿਸਤਾਨ ਤੋਂ 879 ਕਰੋੜ ਰੁਪਏ ਦੀ ਸਮਗਲਿੰਗ ਕੀਤੀ ਕਰੀਬ 300 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਗੁਆਂਢੀ ਰਾਏਗੜ੍ਹ ਜ਼ਿਲ੍ਹੇ ਦੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐਨਪੀਟੀ) ਵਿਖੇ ਇਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਬੰਦੀਸੁਦਾ ਨਸ਼ੀਲਾ ਪਦਾਰਥ ਜ਼ਬਤ ਕਰਨਾ ਹਾਲ ਹੀ ਦੇ ਸਮੇਂ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੈ।
ਡੀਆਰਆਈ ਅਧਿਕਾਰੀ ਨੇ ਦੱਸਿਆ ਕਿ ਇਹ ਖੇਪ ਇਰਾਨ ਹੁੰਦੇ ਹੋਏ ਅਫਗਾਨਿਸਤਾਨ ਤੋਂ ਤਸਕਰੀ ਕਰਕੇ ਲਿਆਂਦੀ ਗਈ ਖੇਪ ਨੂੰ ਪਹਿਲਾਂ ਪਹਿਲਾਂ ਜਿਪਸਮ ਪੱਥਰ ਅਤੇ ਟੈਲਕਮ ਪਾਊਡਰ ਦੱਸਿਆ ਗਿਆ ਸੀ। ਉਨ੍ਹਾਂ ਕਿਹਾ ਕਿ ਦਰਾਮਦ ਨਿਰਯਾਤ ਕੋਡ ਪ੍ਰਭਜੋਤ ਸਿੰਘ ਦੇ ਨਾਮ ਤੇ ਸੀ ਅਤੇ ਇਹ ਖੇਪ ਪੰਜਾਬ ਭੇਜੀ ਜਾਣੀ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਨੂੰ ਪਾਬੰਦੀਸੁਦਾ ਨਸ਼ਾ ਜਬਤ ਕਰਨ ਬਾਅਦ ਗਿ੍ਰਫਤਾਰ ਕਰ ਲਿਆ ਗਿਆ ਹੈ। ਇਹ ਵੀ ਦੱਸਿਆ ਕਿ ਮੁਲਜਮ ਸਾਲ ਤੋਂ ਜੇਐੱਨਪੀਟੀ ਰਾਹੀਂ ਜਿਪਸਮ ਪੱਥਰ ਅਤੇ ਟੈਲਕਮ ਪਾਊਡਰ ਦਰਾਮਦ ਕਰ ਰਿਹਾ ਸੀ। ਹੁਣ ਇਸ ਕੇਸ ਸਬੰਧੀ ਪੁਲਿਸ ਨੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਆਸ ਹੈ ਕਿ ਹੋਰ ਵੱਡੇ ਨਸ਼ਾ ਤਸਕਰ ਵੀ ਗ੍ਰਿਫ਼ਤ ਵਿਚ ਆਉਣਗੇ।