ਮੁੰਬਈ : ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਉ ਵਿਚਾਲੇ ਤਲਾਕ ਦੇ ਬਾਅਦ ਦੇ ਉਨ੍ਹਾਂ ਦੇ ਰਿਸ਼ਤੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਦੇ ਰਾਜਸੀ ਰਸਤੇ ਵੱਖਰੇ ਹਨ ਪਰ ਇਨ੍ਹਾਂ ਸਾਬਕਾ ਗਠਜੋੜ ਸਾਥੀਆਂ ਵਿਚਾਲੇ ਦੋਸਤੀ ਕਾਇਮ ਹੈ। ਰਾਊਤ ਨੇ ਕਿਹਾ, ‘ਆਮਿਰ ਖ਼ਾਨ ਅਤੇ ਕਿਰਨ ਰਾਉ ਨੂੰ ਵੇਖੋ। ਉਨ੍ਹਾਂ ਦੇ ਰਸਤੇ ਅਲੱਗ ਹੋ ਗਏ ਹਨ ਪਰ ਉਹ ਦੋਸਤ ਹਨ। ਇਥੇ ਵੀ ਅਜਿਹਾ ਹੀ ਹੈ। ਸਾਡੇ ਰਸਤੇ ਅਲੱਗ ਹੋ ਗਏ ਹਨ ਪਰ ਦੋਸਤੀ ਬਣੀ ਹੋਈ ਹੈ। ਰਾਜਨੀਤੀ ਵਿਚ ਦੋਸਤੀ ਬਣੀ ਰਹਿੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਜਾ ਰਹੇ ਹਾਂ।’ ਉਨ੍ਹਾਂ ਕਿਹਾ, ‘ਮਤਭੇਦ ਹਨ ਪਰ ਜਿਵੇਂ ਕਿ ਮੈਂ ਲੰਮੇ ਸਮੇਂ ਤੋਂ ਕਹਿ ਰਿਹਾ ਹਾਂ ਕਿ ਅਸੀਂ ਸ਼ਿਵ ਸੈਨਾ ਅਤੇ ਭਾਜਪਾ ਭਾਰਤ ਪਾਕਿਸਤਾਨ ਨਹੀਂ ਹਾਂ। ਬੈਠਕਾਂ ਅਤੇ ਗੱਲਬਾਤ ਹੁੰਦੀ ਰਹਿੰਦੀ ਹੈ ਪਰ ਹੁਣ ਸਾਡੇ ਰਸਤੇ ਅਲੱਗ ਹੋ ਗਏ ਹਨ। ਰਾਜਨੀਤੀ ਵਿਚ ਸਾਡੇ ਰਸਤੇ ਅਲੱਗ ਹੋਏ ਹਨ।’ ਰਾਊਤ ਨੇ ਇਹ ਟਿਪਣੀ ਭਾਜਪਾ ਆਞੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੇ ਬਿਆਨ ’ਤੇ ਦਿਤੀ ਜਿਨ੍ਹਾਂ ਕਿਹਾ ਸੀ ਕਿ ਦੋਹਾਂ ਪਾਰਟੀਆਂ ਵਿਚਾਲੇ ਦੁਸ਼ਮਣੀ ਨਹੀਂ ਹੈ।ਜ਼ਿਕਰਯੋਗ ਹੈ ਕਿ ਖ਼ਾਨ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਨ੍ਹਾਂ ਅਤੇ ਕਿਰਨ ਰਾਉ ਨੇ 15 ਸਾਲ ਬਾਅਦ ਤਲਾਕ ਲੈ ਲਿਆ ਹੈ। ਖ਼ਾਨ ਨੇ ਕਿਹਾ ਸੀ ਕਿ ਸਾਡਾ ਰਿਸ਼ਤਾ ਬਦਲ ਗਿਆ ਹੈ ਪਰ ਅਸੀਂ ਹੁਣ ਵੀ ਨਾਲ ਹਾਂ।