ਮੁੰਬਈ : ਮਹਾਰਾਸ਼ਟਰ ਵਿਧਾਨ ਸਭਾ ਵਿਚ ਭਾਜਪਾ ਦੇ 12 ਵਿਧਾਇਕਾਂ ਨੂੰ ਇਕ ਸਾਲ ਲਈ ਵਿਧਾਨ ਸਭਾ ਵਿਚੋਂ ਮੁਅੱਤਲ ਕਰ ਦਿਤਾ ਗਿਆ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਸਪੀਕਰ ਦੀ ਕੁਰਸੀ ਉਤੇ ਬਿਰਾਜਮਾਨ ਭਾਸਕਰ ਜਾਧਵ ਨਾਲ ਮਾੜਾ ਵਿਹਾਰ ਕੀਤਾ। ਭਾਜਪਾ ਨੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਹੈ। ਕਾਰਜਕਾਰੀ ਸਪੀਕਰ ਭਾਸਕਰ ਜਾਧਵ ਨੇ ਕਿਹਾ, ‘ਜਦ ਸਦਨ ਦੀ ਕਾਰਵਾਈ ਰੁਕੀ ਤਾਂ ਭਾਜਪਾ ਦੇ ਨੇਤਾ ਮੇਰੇ ਕੈਬਿਨ ਵਿਚ ਆਏ ਅਤੇ ਵਿਰੋਧੀ ਧਿਰ ਦੇ ਆਗੂ ਦਵਿੰਦਰ ਫੜਨਵੀਸ ਅਤੇ ਸੀਨੀਅਰ ਆਗੂ ਚੰਦਰਕਾਂਗ ਪਾਟਿਲ ਸਾਹਮਣੇ ਮੈਨੂੰ ਗਾਲਾਂ ਦਿਤੀਆਂ, ਉਨ੍ਹਾਂ ਸੰਸਦੀ ਮਾਮਲਿਆਂ ਦੇ ਮੰਤਰੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਰਾਜ ਦੇ ਸੰਸਦੀ ਕਾਰਜ ਮੰਤਰੀ ਅਨਿਲ ਪਰਬ ਨੇ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿਤਾ ਗਿਆ। ਜਿਹੜੇ ਵਿਧਾਇਕ ਮੁਅੱਤਲ ਹੋਏ, ਉਨ੍ਹਾ ਦੇ ਨਾਮ ਸੰਜੇ ਕੁੰਟੇ, ਆਸ਼ੀਸ਼ ਸ਼ੇਲਾਰ, ਅਭਿਮਨਿਊ ਪਵਾਰ, ਗਿਰੀਸ਼ ਮਹਾਜਨ, ਅਤੁਲ ਭਾਤਖਲਕਰ, ਪਰਾਗ ਅਲਵਾਨੀ, ਹਰੀਸ਼ ਪਿੰਪਲੇ, ਰਾਮ ਸਾਤਪੁਤੇ, ਵਿਜੇ ਕੁਮਾਰ ਰਾਵਲ, ਯੋਗੇਸ਼ ਸਾਗਰ, ਨਾਰਾਇਣ ਕੁਚੇ ਅਤੇ ਕੀਰਤ ਕੁਮਾਰ ਬੰਗੜੀਆ ਹਨ। ਮੁਅੱਤਲ ਵਿਧਾਇਕਾਂ ਨੇ ਬਾਅਦ ਵਿਚ ਰਾਜਪਾਲ ਨਾਲ ਮੁਲਾਕਾਤ ਕੀਤੀ। ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ, ‘ਇਹ ਝੂਠਾ ਦੋਸ਼ ਹੈ ਅਤੇ ਵਿਰੋਧੀ ਮੈਂਬਰਾਂ ਦੀ ਗਿਣਤੀ ਘੱਟ ਕਰਨ ਦਾ ਯਤਨ ਹੈ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਅਸੀਂ ਸਥਾਨਕ ਚੋਣਾਂ ਵਿਚ ਓਬੀਸੀ ਕੋਟੇ ਬਾਬਤ ਸਰਕਾਰ ਦੇ ਝੂਠ ਨੂੰ ਉਜਾਗਰ ਕੀਤਾ ਹੈ। ਸ਼ਿਵ ਸੈਨਾ ਵਿਧਾਇਕਾਂ ਨੇ ਗ਼ਲਤ ਸ਼ਬਦਾਵਲੀ ਵਰਤੀ। ਮੈਂ ਅਪਣੇ ਵਿਧਾਇਕਾਂ ਨੂੰ ਸਪੀਕਰ ਦੇ ਚੈਂਬਰ ਤੋਂ ਬਾਹਰ ਲਿਆਇਆ ਸੀ।’