ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਮਜ਼ੋਰ ਪੈ ਗਈ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਹਾਲੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ। ਐਸਬੀਆਈ ਦੀ ਰੀਪੋਰਟ ਵਿਚ ਅਗੱਸਤ ਤਕ ਤੀਜੀ ਲਹਿਰ ਆਉਣ ਦਾ ਦਾਅਵਾ ਕੀਤਾ ਗਿਆ ਹੈ। ਕੋਵਿਡ-ਦ ਰੇਸ ਟੂ ਫ਼ਿਨਿਸ਼ਿੰਗ ਲਾਈਨ’ ਨਾਮ ਨਾਲ ਛਪੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਤੀਜੀ ਲਹਿਰ ਦਾ ਸਿਖਰ ਸਤੰਬਰ ਵਿਚ ਆਏਗਾ। ਦੂਜੀ ਲਹਿਰ ਅਪ੍ਰੈਲ ਤੋਂ ਸ਼ੁਰੂ ਹੋਈ ਸੀ ਅਤੇ 7 ਮਈ ਨੂੰ ਇਸ ਦਾ ਸਿਖਰ ਆਇਆ। ਇਸ ਦੌਰਾਨ ਦਿੱਲੀ, ਮਹਾਰਾਸ਼ਟਰ ਅਤੇ ਕੇਰਲਾ ਜਿਹੇ ਵੱਡੇ ਰਾਜਾਂ ਵਿਚ ਹਾਲਾਤ ਬੇਹੱਦ ਬੁਰੇ ਹੋ ਗਏ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਤਾਜ਼ਾ ਡੇਟਾ ਮੁਤਾਬਕ ਜੁਲਾਈ ਦੇ ਦੂਜੇ ਹਫ਼ਤੇ ਤਕ ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ 10 ਹਜ਼ਾਰ ਤਕ ਆ ਜਾਵੇਗੀ। ਇਹ ਅਗਸਤ ਦੇ ਦੂਜੇ ਪਖਵਾੜੇ ਤੋਂ ਫਿਰ ਵਧਣਾ ਸ਼ੁਰੂ ਹੋ ਜਾਵੇਗੀ। ਦੇਸ਼ ਵਿਚ ਐਤਵਾਰ ਨੂੰ 40 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਵਿਡ ਰੀਪੋਰਟ ਪਾਜ਼ਟਿਵ ਆਈ। ਹਰ ਰੋਜ਼ ਸੈਂਕੜੇ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਨੂੰ 725 ਲੋਕਾਂ ਦੀ ਲਾਗ ਕਾਰਨ ਮੌਤ ਹੋਈ। ਹਾਲਾਂਕਿ ਇਹ ਅੰਕੜਾ 84 ਦਿਨਾਂ ਵਿਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 7 ਅਪ੍ਰੈਲ ਨੂੰ 684 ਲੋਕਾਂ ਦੀ ਮੌਤ ਹੋਈ ਸੀ। ਕਈ ਮਾਹਰਾਂ ਦਾ ਕਹਿਣਾ ਹੈ ਕਿ ਤੀਜੀ ਲਹਿਰ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ’ਤੇ ਪਵੇਗਾ। ਹਾਲਾਂਕਿ ਕੁਝ ਮਾਹਰਾਂ ਨੇ ਇਹ ਵੀ ਕਿਹਾ ਹੈ ਕਿ ਹਾਲੇ ਤਕ ਇਹ ਪੱਕਾ ਪਤਾ ਨਹੀਂ ਕਿ ਇਹ ਲਹਿਰ ਕਿਸ ਨੂੰ ਜ਼ਿਆਦਾ ਲਪੇਟੇ ਵਿਚ ਲਵੇਗੀ।