ਹਰੀਕੇ ਪੱਤਣ : ਅੱਜ ਪੰਜਾਬ ਦੇ ਜਿ਼੍ਲ੍ਹੇ ਤਰਨ ਤਾਰਨ ਵਿਚ ਇਕ ਹਾਦਸਾ ਵਾਪਰ ਗਿਆ ਅਤੇ ਇਕ ਪੁਲਿਸ ਮੁਲਾਜ਼ਮ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇਕ ਪੁਲਿਸ ਮੁਲਾਜ਼ਮ ਖੜ੍ਹਾ ਸੀ ਅਤੇ ਇਕ ਕਾਰ ਤੇਜ਼ੀ ਨਾਲ ਆਈ ਅਤੇ ਟੱਕਰ ਮਾਰ ਦਿਤੀ। ਇਥੇ ਖਾਸ ਗੱਲ ਇਹ ਰਹੀ ਕਿ ਕਾਰ ਚਲਾਉਣ ਵਾਲਾ ਵੀ ਪੁਲਿਸ ਮੁਲਾਜ਼ਮ ਸੀ ਅਤੇ ਜਿਸ ਦੀ ਮੌਤ ਹੋਈ ਉਹ ਵੀ ਪੁਲਿਸ ਮੁਲਾਜ਼ਮ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਕੌਮੀ ਸ਼ਾਹ ਮਾਰਗ 54 ਹਰੀਕੇ ਬਾਈਪਾਸ ਨਾਕੇ 'ਤੇ ਖੜੇ ਇਕ ਪੁਲਿਸ ਮੁਲਾਜ਼ਮਾਂ 'ਤੇ ਕਿਸੇ ਨੇ ਕਾਰ ਚੜਾ ਦਿੱਤੀ, ਜਿਸ ਕਾਰਨ ਹੌਲਦਾਰ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਸ਼ਾਨ ਸਿੰਘ ਵਜੋਂ ਹੋਈ ਹੈ। ਇਸ ਦੌਰਾਨ ਪੁਲਿਸ ਮੁਲਾਜ਼ਮ ਦੇ ਸਾਥੀ ਗੁਰਜਿੰਦਰ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਿਆ। ਕਾਰ ਚਾਲਕ ਗੁਰਲਾਲ ਸਿੰਘ ਵੀ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਮੱਖੂ ਪੁਲਿਸ ਨੇ ਜ਼ਖ਼ਮੀ ਗੁਰਜਿੰਦਰ ਸਿੰਘ ਨੂੰ ਅੰਮ੍ਰਿਤਸਰ ਦਾਖ਼ਲ ਕਰਵਾਇਆ ਅਤੇ ਅਗਲੇਰੀ ਕਾਰਵਾਈ ਲਈ ਕਾਰ ਕਬਜੇ ਵਿਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜੀਰਾ ਭੇਜ ਦਿੱਤਾ ਹੈ।