ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਘੱਟ ਹੋਣ ’ਤੇ ਕੇਂਦਰ ਅਤੇ ਰਾਜ ਸਰਕਾਰਾਂ ਨੇ ਪਾਬੰਦੀਆਂ ਵਿਚ ਢਿੱਲ ਸ਼ੁਰੂ ਕਰ ਦਿਤੀ ਹੈ। ਅਨਲਾਕ ਦਾ ਅਸਰ ਇਹ ਹੋਇਆ ਕਿ ਕਈ ਲੋਕ ਮਨਮਰਜ਼ੀ ਕਰਨ ਲੱਗੇ। ਬਾਜ਼ਾਰਾਂ ਅਤੇ ਸੈਰ ਸਪਾਟਾਂ ਥਾਵਾਂ ’ਤੇ ਭੀੜ ਵਿਖਾਈ ਦੇਣ ਲੱਗੀ ਜਿਸ ਕਾਰਨ ਸਰਕਾਰ ਦੀ ਚਿੰਤਾ ਵੱਧ ਗਈ ਹੈ। ਸਿਹਤ ਮੰਤਰਾਲੇ ਦੇ ਜਾਇੰਟ ਸਕੱਤਰ ਲਵ ਅਗਰਵਾਲ ਨੇ ਕੋਰੋਨਾ ਦੇ ਹਾਲਾਤ ’ਤੇ ਹੋਣ ਵਾਲੀ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਸੀਮਤ ਦਾਇਰੇ ਵਿਚ ਹੀ ਸਹੀ ਪਰ ਹਾਲੇ ਵੀ ਮੌਜੂਦ ਹੈ। ਪਹਾੜਾਂ ਵਿਚ ਭਾਰੀ ਭੀੜ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਹੁਣ ਤਕ ਦੇ ਫ਼ਾਇਦੇ ਨੂੰ ਘੱਟ ਕਰ ਸਕਦਾ ਹੈ। ਜੇ ਪ੍ਰੋਟੋਕਾਲ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਅਸੀਂ ਪਾਬੰਦੀਆਂ ਵਿਚ ਦਿਤੀ ਗਈ ਢਿੱਲ ਨੂੰ ਮੁੜ ਵਾਪਸ ਲੈ ਸਕਦੇ ਹਾਂ। ਸੂਤਰਾਂ ਮੁਤਾਬਕ ਸਿਹਤ ਮੰਤਰਾਲੇ ਨੇ ਸ਼ਿਮਲਾ ਅਤੇ ਮਨਾਲੀ ਵਿਚ ਕੋਰੋਨਾ ਹਦਾਇਤਾਂ ਦੀ ਵੱਡੇ ਪੱਧਰ ’ਤੇ ਉਲੰਘਣਾ ਬਾਬਤ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਪੱਤਰ ਲਿਖਿਆ ਹੈ। ਸਭ ਤੋਂ ਜ਼ਿਆਦਾ ਪਾਜ਼ੇਟਿਵਿਟੀ ਦਰ ਵਾਲੇ 73 ਜ਼ਿਲਿ੍ਹਆਂ ਅਤੇ ਇਨ੍ਹਾਂ ਦੇ ਰਾਜਾਂ ਨੂੰ ਵੀ ਪੱਤਰ ਲਿਖਿਆ ਹੈ। ਆਈਸੀਐਮਆਰ ਦੇ ਡਾਇਰੈਕਟਰ ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਹਿਲ ਸਟੇਸ਼ਨਾਂ ਤੋਂ ਆ ਰਹੀਆਂ ਤਸਵੀਰਾਂ ਭਿਆਨਕ ਹਨ। ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜ਼ਰੂਰੀ ਵਿਹਾਰ ਦੀ ਪਾਲਣਾ ਕਰਨੀ ਚਾਹੀਦੀ ਹੈ। ਸਿਹਤ ਮੰਤਰਾਲੇ ਨੇ ਦਸਿਆ ਕਿ ਪਿਛਲੇ 9 ਦਿਨਾਂ ਤੋਂ ਲਗਾਤਾਰ 50 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਦੇ 80 ਫ਼ੀਸਦੀ ਨਵੇਂ ਮਾਮਲੇ 90 ਜ਼ਿਲਿ੍ਹਆਂ ਤੋਂ ਆ ਰਹੇ ਹਨ। ਮਹਾਰਾਸ਼ਟਰ, ਤਾਮਿਲਨਾਡੂ, ਕੇਰਲਾ, ਉੜੀਸਾ, ਆਂਧਰਾ ਪ੍ਰਦੇਸ਼, ਆਸਾਮ, ਕਰਨਾਟਕ ਵਿਚ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਕੁਝ ਜ਼ਿਲਿ੍ਹਆਂ ਵਿਚ ਜ਼ਿਆਦਾ ਲਾਗ ਵੇਖੀ ਜਾਵੇ ਤਾਂ ਸਾਨੂੰ ਮੰਨ ਕੇ ਚਲਣਾ ਪਏਗਾ ਕਿ ਦੂਜੀ ਲਹਿਰ ਹੈ।