ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ-19 ਕਾਰਨ ਅਪਣੇ ਵਾਰਸਾਂ ਨੂੰ ਗਵਾਉਣ ਵਾਲੇ ਪਰਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਸਮਾਜਕ ਸੁਰੱਖਿਆ ਯੋਜਨਾ ਅਤੇ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪੀੜਤਾਂ ਦੀਆਂ ਅਰਜ਼ੀਆਂ ਵਿਚ ਕਮੀਆਂ ਨਾ ਲੱਭਣ ਦਾ ਨਿਰਦੇਸ਼ ਦਿਤਾ। ਮੁੱਖ ਮੰਤਰੀ ਕੋਵਿਡ 19 ਪਰਵਾਰ ਆਰਥਕ ਸਹਾਇਤਾ ਯੋਜਨਾ ਤਹਿਤ ਕੋਵਿਡ 19 ਤੋਂ ਅਪਣੇ ਪਰਵਾਰ ਵਾਲਿਆਂ ਨੂੰ ਗਵਾਉਣ ਵਾਲੇ ਹਰ ਪਰਵਾਰ ਨੂੰ 50 ਹਜ਼ਾਰ ਰੁਪਏ ਦੀ ਰਕਮ ਦਿਤੀ ਜਾਵੇਗੀ। ਇਸ ਦੇ ਇਲਾਵਾ ਜੇ ਵਿਅਕਤੀ ਪਰਵਾਰ ਵਿਚ ਇਕਮਾਤਰ ਕਮਾਉਣ ਵਾਲਾ ਸੀ ਤਾਂ ਉਸ ਦੇ ਪਰਵਾਰ ਨੂੰ ਮਹੀਨਾਵਾਰ 2500 ਰੁਪਏ ਦੀ ਵਾਧੂ ਮਦਦ ਦਿਤੀ ਜਾਵੇਗੀ। ਡਿਜੀਟਲ ਪੱਤਰਕਾਰ ਸੰਮੇਲਨ ਵਿਚ ਕੇਜਰੀਵਾਲ ਨੇ ਕਿਾ ਕਿ ਦਿੱਲੀ ਨੇ ਕੋਰੋਨਾ ਵਾਇਰਸ ਲਾਗ ਦੀਆਂ ਚਾਰ ਲਹਿਰਾਂ ਦਾ ਸਾਹਮਣਾ ਕੀਤਾ ਹੈ। ਚੌਥੀ ਲਹਿਰ ਨੇ ਲਗਭਗ ਹਰ ਪਰਵਾਰ ਨੂੰ ਪ੍ਰਭਾਵਤ ਕੀਤਾ ਅਤੇ ਕਈ ਲੋਕਾਂ ਦੀ ਜਾਨ ਲਈ। ਉਨ੍ਹਾਂ ਕਿਹਾ, ‘ਕਈ ਬੱਚੇ ਅਨਾਥ ਹੋਏ। ਕਈ ਪਰਵਾਰਾਂ ਨੇ ਘਰ ਦਾ ਇਕਮਾਤਰ ਕਮਾਊ ਮੈਂਬਰ ਗਵਾ ਦਿਤਾ। ਅਜਿਹੀ ਸਥਿਤੀ ਵਿਚ ਇਕ ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਅਸੀ ਇਸ ਯੋਜਨਾ ਦਾ ਸੰਕਲਪ ਪੇਸ਼ ਕੀਤਾ।’ ਉਨ੍ਹਾਂ ਕਿਹਾ, ‘ਅਸੀਂ ਇਕ ਪੋਰਟਲ ਸ਼ੁਰੂ ਕਰ ਰਹੇ ਹਾਂ ਜਿਸ ਰਾਹੀਂ ਅਜਿਹੇ ਲੋਕ ਵਿੱਤੀ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ। ਸਾਡੇ ਪ੍ਰਤੀਨਿਧ ਵੀ ਅਜਿਹੇ ਪਰਵਾਰਾਂ ਦਾ ਦੌਰਾ ਕਰਨਗੇ ਅਤੇ ਅਰਜ਼ੀਆਂ ਭਰਵਾਉਣਗੇ।’ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਤੀਨਿਧ ਦਸਤਾਵੇਜ਼ਾਂ ਦੇ ਖੋ ਜਾਣ ਦੀ ਹਾਲਤ ਵਿਚ ਪਰਵਾਰ ਦੇ ਦਾਅਵਿਆਂ ਨੂੰ ਰੱਦ ਨਹੀਂ ਕਰਨਗੇ ਅਤੇ ਸਿਰਫ਼ ਕਵਾਇਦ ਨੂੰ ਅੱਗੇ ਵਧਾਉਣ ਵਿਚ ਮਦਦ ਕਰਨਗੇ। ਉਨ੍ਹਾਂ ਕਿਹਾ, ‘ਮੈਂ ਅਜਿਹੇ ਸਾਰੇ ਪ੍ਰਤੀਨਿਧਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਰਜ਼ੀਆਂ ਦੀ ਜਾਂਚ ਨਾ ਕਰਨ। ਜੇ ਪਰਵਾਰਾਂ ਕੋਲ ਕੋਈ ਦਸਤਾਵੇਜ਼ ਨਹੀ ਹੈ ਤਾਂ ਉਸ ਨੂੰ ਹਾਸਲ ਕਰਨ ਵਿਚ ਮਦਦ ਕਰਨ।’