ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਲੋਕਾਂ ਨੂੰ ਦੇਣ ਲਈ 1.66 ਕਰੋੜ ਤੋਂ ਵੱਧ ਟੀਕਿਆਂ ਦੀ ਖ਼ੁਰਾਕ ਉਪਲਭਧ ਹੈ। ਮੰਤਰਾਲੇ ਨੇ ਕਿਹਾ ਕਿ ਹੁਣ ਤਕ ਸਾਰੇ ਸਾਧਨਾਂ ਜ਼ਰੀਏ ਰਾਜਾਂ ਅਤੇ ਕੇਂਦਰ ਸ਼ਾਸਤ ਖੇਤਰਾਂ ਨੂੰ ਟੀਕੇ ਦੀਆਂ 37.07 ਕਰੋੜ ਤੋਂ ਵੱਧ ਖ਼ੁਰਾਕਾਂ ਉਪਲਭਧ ਕਰਾਈਆਂ ਜਾ ਚੁਕੀਆਂ ਹਨ ਅਤੇ 2380000 ਹੋਰ ਖ਼ੁਰਾਕਾਂ ਪਹੁੰਚਾਈਆਂ ਜਾ ਰਹੀਆਂ ਹਨ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਵਿਚੋਂ ਬੇਕਾਰ ਹੋਈ ਮਾਤਰਾ ਸਮੇਤ ਕੁਲ ਖਪਤ 354060197 ਖ਼ੁਰਾਕ ਦਾ ਹੈ। ਕੇਂਦਰ ਦੇਸ਼ ਭਰ ਵਿਚ ਕੋਵਿਡ 19 ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨ ਅਤੇ ਦਾਇਰਾ ਵਧਾਉਣ ਲਈ ਪ੍ਰਤੀਬੱਧ ਹੈ। ਕੋਵਿਡ ਟੀਕਾਕਰਨ ਦਾ ਨਵਾਂ ਪੜਾਅ 21 ਜੂਨ ਨੂੰ ਸ਼ੁਰੂ ਹੋਇਆ ਸੀ। ਜ਼ਿਕਰਯੋਗ ਹੈ ਕਿ ਕੁਝ ਰਾਜਾਂ ਦੀਆਂ ਸਰਕਾਰਾਂ ਖ਼ਾਸਕਰ ਉਹ ਜਿਥੇ ਭਾਜਪਾ ਦਾ ਰਾਜ ਨਹੀਂ ਹੈ, ਲਗਾਤਾਰ ਸ਼ਿਕਾਇਤ ਕਰ ਰਹੀਆਂ ਹਨ ਕਿ ਕੇਂਦਰ ਵਲੋਂ ਉਨ੍ਹਾਂ ਨੂੰ ਲੋੜੀਂਦੀ ਮਾਤਰਾ ਵਿਚ ਖ਼ੁਰਾਕ ਨਹੀਂ ਭੇਜੀ ਜਾ ਰਹੀ। ਪੰਜਾਬ ਸਰਕਾਰ ਨੇ ਵੀ ਕਲ ਕਿਹਾ ਸੀ ਕਿ ਸੂਬੇ ਵਿਚ ਕੋਵਿਡ ਵੈਕਸੀਨ ਦਾ ਸਟਾਕ ਖ਼ਤਮ ਹੋ ਗਿਆ ਹੈ ਜਿਸ ਕਾਰਨ ਕੋਵਿਡ ਟੀਕਾਕਰਨ ਕੇਂਦਰ ਕਈ ਥਾਈਂ ਬੰਦ ਹੋ ਚੁੱਕੇ ਹਨ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਹੀ ਸਰਕਾਰ ਨੇ ਸਟਾਕ ਦੀ ਸਹੀ ਸਥਿਤੀ ਤੋਂ ਜਾਣੂੰ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਚਾਈ ਕੀ ਹੈ, ਇਸ ਬਾਰੇ ਫ਼ਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।