ਟੋਰਾਂਟੋ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕੈਨੇਡਾ ਅਤੇ ਅਮਰੀਕਾ ਵਿਚਾਲੇ ਯਾਤਰਾ ਸਬੰਧੀ ਲੱਗੀਆਂ ਪਾਬੰਦੀਆਂ ਵਿਚ ਸੋਮਵਾਰ ਤੋਂ ਕੁਝ ਕੈਨੇਡਾ ਵਾਸੀਆਂ ਲਈ ਢਿੱਲ ਦਿਤੀ ਗਈ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਰਹੱਦਾਂ ਪੂਰੀ ਤਰ੍ਹਾਂ ਨਾਲ ਖੋਲ੍ਹਣ ਦੇ ਸਬੰਧ ਵਿਚ ਅਗਲੇ ਕੁਝ ਹਫ਼ਤੇ ਵਿਚ ਯੋਜਨਾ ਦਾ ਐਲਾਨ ਕੀਤਾ ਜਾਵੇਗਾ। ਕੈਨੇਡਾ ਦੇ ਜਿਹੜੇ ਨਾਗਰਿਕਾਂ ਅਤੇ ਸਥਾਈ ਵਾਸੀਆਂ ਨੇ ਦੇਸ਼ ਵਿਚ ਪ੍ਰਵਾਨਤ ਟੀਕੇ ਦੀਆਂ ਸਾਰੀਆਂ ਖ਼ੁਰਾਕਾਂ ਲੈ ਲਈਆਂ ਹਨ, ਉਨ੍ਹਾਂ ਨੂੰ ਮਾਰਚ 2020 ਤੋਂ ਲਾਜ਼ਮੀ ਕੀਤੇ ਗਏ 14 ਦਿਨ ਦੇ ਇਕਾਂਤਵਾਸ ਵਿਚ ਨਹੀਂ ਰਹਿਣਾ ਹੋਵੇਗਾ। ਹਵਾਈ ਯਾਤਰਾ ਦੇ ਪਾਤਰ ਲੋਕਾਂ ਨੂੰ ਵੀ ਦੇਸ਼ ਵਿਚ ਤਿੰਨ ਦਿਨ ਸਰਕਾਰ ਦੁਆਰਾ ਪ੍ਰਵਾਨਤ ਹੋਟਲ ਵਿਚ ਨਹੀਂ ਬਿਤਾਉਣਾ ਹੋਵੇਗਾ। ਹਾਲਾਂਕਿ ਕੈਨੇਡਾ ਅਤੇ ਅਮਰੀਕਾ ਵਿਚਾਲੇ ਸੈਰ ਸਪਾਟਾ ਸਮੇਤ ਸਾਰੇ ਗ਼ੈਰ ਜ਼ਰੂਰੀ ਯਾਤਰਾਵਾਂ ’ਤੇ 21 ਜੁਲਾਈ ਤਕ ਪਾਬੰਦੀ ਜਾਰੀ ਰਹੇਗੀ। ਟਰੂਡੋ ਨੇ ਕਿਹਾ ਕਿ ਪਾਬੰਦੀਆਂ ਵਿਚ ਢਿੱਲ ਸਰਹੱਦਾਂ ਖੋਲ੍ਹਣ ਦੀ ਦਿਸ਼ਾ ਵਿਚ ਵੱਡਾ ਕਦਮ ਹੈ। ਉਨ੍ਹਾਂ ਸਾਲਟ ਸਟੇ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਸਾਨੂੰ ਉਮੀਦ ਹੈ ਕਿ ਆਉਣ ਵਾਲੇ ਹਫ਼ਤੇ ਵਿਚ ਅਸੀਂ ਸਰਹੱਦਾਂ ਖੋਲ੍ਹਣ ਦੇ ਸੰਦਰਭ ਵਿਚ ਹੋਰ ਨਵੇਂ ਕਦਮ ਵੇਖਣਗੇ। ਅਸੀਂ ਲੋਕ ਇਹ ਯਕੀਨੀ ਕਰ ਰਹੇ ਹਾਂ ਕਿ ਕੋਵਿਡ 19 ਦੇ ਮਾਮਲੇ ਮੁੜ ਤੋਂ ਨਾ ਵਧਣ ਕਿਉਂਕਿ ਕੋਈ ਵੀ ਏਨੇ ਬਲੀਦਾਨ ਅਤੇ ਏਨਾ ਕੁਝ ਗਵਾਉਣ ਦੇ ਬਾਅਦ ਫਿਰ ਤੋਂ ਪਾਬੰਦੀਆਂ ਵਲ ਮੁੜਨਾ ਨਹੀਂ ਚਾਹੁੰਦਾ।’ ਟਰੂਡੋ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਸਰਹੱਦਾਂ ਖੁਲ੍ਹਣ ਦਾ ਲੋਕ ਕਿੰਨੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।