ਨਵੀਂ ਦਿੱਲੀ: ਪੰਜਾਬ ਕਾਂਗਰਸ ਅੰਦਰ ਪੈਦਾ ਧੜੇਬੰਦੀ ਦੇ ਖ਼ਾਤਮੇ ਲਈ ਕਾਂਗਰਸ ਹਾਈ ਕਮਾਨ ਵਲੋਂ ਬਣਾਈ ਗਈ ਕਮੇਟੀ ਅੱਗੇ ਦੋ ਵਾਰ ਪੇਸ਼ ਹੋਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਕਿਆਫ਼ੇ ਸਨ ਕਿ ਕਾਂਗਰਸ ਪ੍ਰਧਾਨ ਅੱਜ ਕੋਈ ਵੱਡਾ ਫ਼ੈਸਲਾ ਕਰ ਸਕਦੇ ਹਨ। ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਹਾਈ ਕਮਾਨ ਜਿਹੜਾ ਵੀ ਫ਼ੈਸਲਾ ਕਰੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਅੰਦਰੂਨੀ ਮਾਮਲਿਆਂ ਬਾਰੇ ਤੇ ਪੰਜਾਬ ਦੇ ਵਿਕਾਸ ਬਾਰੇ ਚਰਚਾ ਹੋਈ ਹੈ। ਉਹਨਾਂ ਨੇ ਨਵਜੋਤ ਸਿੱਧੂ ਬਾਰੇ ਕੋਈ ਵੀ ਟਿੱਪਣੀਕਰਨ ਤੋਂ ਇਨਕਾਰ ਕਰ ਦਿੱਤਾ।ਉਹਨਾਂ ਕਿਹਾ ਕਿ ਸਿਆਸੀ ਮਾਮਲਿਆਂ ਬਾਰੇ ਚਰਚਾ ਹੋਈ ਹੈ ਤੇ ਜੋ ਫੈਸਲਾ ਪਾਰਟੀ ਕਮਾਂਡ ਕਰੇਗੀ, ਮੈਂ ਉਸ ’ਤੇ ਫੁੱਲ ਚੜ੍ਹਾਵਾਂਗਾ।ਜ਼ਿਕਰਯੋਗ ਹੈ ਕਿ ਕਾਂਗਰਸ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਲਗਭਗ ਡੇਢ ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ’ਤੇ ਸਿਆਸੀ ਹਮਲੇ ਕਰ ਰਹੇ ਹਨ। ਉਹ ਬੇਅਦਬੀ ਕਾਂਡ ਸਮੇਤ ਵੱਖ ਵੱਖ ਮੁੱਦਿਆਂ ’ਤੇ ਸਰਕਾਰ ਦੇ ਨਾਕਾਮ ਰਹਿਣ ਅਤੇ ਲੋਕਾਂ ਨੂੰ ਇਨਸਾਫ਼ ਨਾ ਦੇਣ ਦਾ ਦੋਸ਼ ਲਾ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਬਿਜਲੀ ਘਾਟ ਦੇ ਮਸਲੇ ’ਤੇ ਮੁੱਖ ਮੰਤਰੀ ’ਤੇ ਤਿੱਖਾ ਹਮਲਾ ਕੀਤਾ ਅਤੇ ਅਕਾਲੀ ਸਰਕਾਰ ਸਮੇਂ ਕੀਤੇ ਗਏ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ ਗੱਲ ਕੀਤੀ। ਕੁਝ ਹੋਰ ਕਾਂਗਰਸੀ ਵਿਧਾਇਕ ਵੀ ਅੰਦਰਖਾਤੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਕਮੇਟੀ ਕੋਲ ਮੁੱਖ ਮੰਤਰੀ ਵਿਰੁਧ ਅਪਣਾ ਪੱਖ ਰਖਿਆ। ਆਉਣ ਵਾਲੇ ਦਿਨਾਂ ਵਿਚ ਹੀ ਪਤਾ ਲੱਗੇਗਾ ਕਿ ਹਾਈ ਕਮਾਨ ਪੰਜਾਬ ਕਾਂਗਰਸ ਦੀ ਧੜੇਬੰਦੀ ਖ਼ਤਮ ਕਰਨ ਲਈ ਕੀ ਫ਼ੈਸਲਾ ਕਰਦੀ ਹੈ।