24 ਘੰਟਿਆਂ ਦੌਰਾਨ 900 ਤੋਂ ਵੱਧ ਮੌਤਾਂ
ਨਵੀਂ ਦਿੱਲੀ : ਕੋਰੋਨਾ ਵਾਇਰਸ ਇਕ ਵਾਰ ਤਾਂ ਖ਼ਤਮ ਹੁੰਦਾ ਦਿਸ ਰਿਹਾ ਹੈ ਪਰ ਬੀਤੇ ਦਿਨ ਇਸ ਦੇ ਅੰਕੜਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਵਚਾਲੇ ਅੱਜ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਬੁੱਧਵਾਰ ਨੂੰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 43 ਹਜ਼ਾਰ 733 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 930 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਨਵੇਂ ਮਾਮਲੇ ਆਉਣ ਤੋਂ ਬਾਅਦ ਹੁਣ ਦੇਸ਼ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ ਵਧ ਕੇ 3 ਕਰੋੜ 6 ਲੱਖ 63 ਹਜ਼ਾਰ 665 ਹੋ ਗਈ ਹੈ। ਉਥੇ ਹੀ ਲਗਾਤਾਰ 55ਵੇਂ ਦਿਨ ਨਵੇਂ ਮਾਮਲੀਆਂ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਰਹੀ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹਿਣ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ ਵੀ ਘਟੀ ਹੈ। ਭਾਰਤ ਵਿੱਚ ਐਕਟਿਵ ਕੇਸ ਘਟ ਕੇ 4,59,920 ਰਹਿ ਗਏ ਹਨ, ਜੋ ਕੁੱਲ ਮਾਮਲਿਆਂ ਦਾ 1.5 ਫ਼ੀਸਦ ਹੈ। ਰਿਕਵਰੀ ਰੇਟ ਦੀ ਗੱਲ ਕੀਤੀ ਜਾਵੇ ਤਾਂ ਇਹ 97.18 ਫ਼ੀਸਦੀ ‘ਤੇ ਹੈ। ਉਥੇ ਹੀ, ਹਫ਼ਤਾਵਾਰ ਸੰਕਰਮਣ ਦਰ 2 . 39 ਫੀਸਦੀ ‘ਤੇ ਜਦਕਿ ਦੈਨਿਕ ਪਾਜ਼ਿਟਿਵਿਟੀ ਰੇਟ 2 . 29 ਫੀਸਦ ਹੈ, ਜੋ ਲਗਾਤਾਰ 16 ਦਿਨ ਤੋਂ ਤਿੰਨ ਫ਼ੀਸਦੀ ਦੇ ਹੇਠਾਂ ਬਰਕਰਾਰ ਹੈ। ਇਥੇ ਦਸ ਦਈਏ ਕਿ ਦੇਸ਼ ਦੇ ਕਈ ਹਿੱਸਿਆ ਵਿਚ ਹਾਲੇ ਵੀ ਤਾਲਾਬੰਦੀਆਂ ਦੀਆਂ ਪਾਬੰਦੀਆਂ ਜਾਰੀ ਹੈ ਪਰ ਕਈ ਸੂਬਿਆਂ ਨੇ ਲੋਕਾਂ ਨੂੰ ਰਾਹਤ ਦਿੰਦਿਆਂ ਲੱਗਭੱਗ ਸਾਰੀਆਂ ਪਾਬੰਦੀਆਂ ਖ਼ਤਮ ਹੀ ਕਰ ਦਿਤੀਆਂ ਹਨ।