ਮੁੰਬਈ: ਈਡੀ ਨੇ ਪੁਣੇ ਵਿਚ 2016 ਵਿਚ ਜ਼ਮੀਨ ਖ਼ਰੀਦਣ ਵਿਚ ਕਥਿਤ ਹੇਰਾਫੇਰੀ ਨਾਲ ਜੁੜੇ ਕਾਲਾ ਧਨ ਦੇ ਇਕ ਮਾਮਲੇ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਆਗੂ ਏਕਨਾਥ ਖੜਸੇ ਦੇ ਜਵਾਈ ਗਿਰੀਸ਼ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਚੌਧਰੀ ਨੂੰ ਮੰਗਲਵਾਰ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਦਖਣੀ ਮੁੰਬਈ ਵਿਚ ਕੇਂਦਰੀ ਜਾਂਚ ਏਜੰਸੀ ਦੇ ਦਫ਼ਤਰ ਵਿਚ ਇਸ ਮਾਮਲੇ ਵਿਚ ਕਾਫ਼ੀ ਦੇਰ ਤਕ ਪੁੱਛ-ਪੜਤਾਲ ਕੀਤੀ ਗਈ। ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਚੌਧਰੀ ਪੁੱਛਗਿਛ ਦੌਰਾਨ ਸਹਿਯੋਗ ਨਹੀਂ ਕਰ ਰਹੇ ਸਨ। ਉਨ੍ਹਾਂ ਨੂੰ ਕਾਲਾ ਧਨ ਰੋਕਥਾਮ ਕਾਨੂੰਨ ਤਹਿਤ ਦਰਜ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। 68 ਸਾਲਾ ਖੜਸੇ ਨੇ ਪਿਛਲੇ ਸਾਲ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਲਈ ਭਾਰਤੀ ਜਨਤਾ ਪਾਰਟੀ ਛੱਡ ਦਿਤੀ ਸੀ। ਈਡੀ ਦਾ ਮਾਮਲਾ 2017 ਵਿਚ ਖੜਸੇ, ਉਨ੍ਹਾਂ ਦੀ ਪਤਨੀ ਮੰਦਾਕਿਨੀ ਅਤੇ ਚੌਧਰੀ ਵਿਰੁਧ ਦਰਜ ਪੁਣੇ ਪੁਲਿਸ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਪਰਚੇ ਤੋਂ ਸਾਹਮਣੇ ਆਇਆ। ਈਡੀ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਖੜਸੇ ਤੋਂ ਪੁਛਗਿਛ ਕੀਤੀ ਸੀ ਅਤੇ ਉਸ ਦਾ ਬਿਆਨ ਦਰਜ ਕੀਤਾ ਸੀ। ਖੜਸੇ ਨੇ ਇਸ ਜ਼ਮੀਨ ਸੌਦੇ ਅਤੇ ਕੁਝ ਹੋਰ ਮੁੱਦਿਆਂ ਦੇ ਸਬੰਧ ਵਿਚ ਦੋਸ਼ਾਂ ਦਾ ਸਾਹਮਣਾ ਕਰਨ ਦੇ ਬਾਅਦ 2016 ਵਿਚ ਵੇਲੇ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੀ ਅਗਵਾਈ ਵਾਲੀ ਮਹਾਰਾਸ਼ਟਰ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿਤਾ ਸੀ।