ਕੋਲਕਾਤਾ: ਕਲਕੱਤਾ ਹਾਈ ਕੋਰਟ ਨੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਜੁਰਮਾਨਾ ਇਸ ਲਈ ਲਾਇਆ ਗਿਆ ਹੈ ਕਿਉਂਕਿ ਮਮਤਾ ਨੇ ਚੋਣਾਂ ਨਾਲ ਜੁੜੀ ਪਟੀਸ਼ਨ ਦੀ ਸੁਣਵਾਈ ਨੂੰ ਜਸਟਿਸ ਕੌਸ਼ਿਕ ਚੰਦਾ ਦੇ ਬੈਂਚ ਤੋਂ ਹਟਾਉਣ ਦੀ ਮੰਗ ਕੀਤੀ ਸੀ। ਮਮਤਾ ਨੇ ਜਸਟਿਸ ਚੰਦਾ ਉਤੇ ਭਾਜਪਾ ਨਾਲ ਸਬੰਧਾਂ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਜਸਟਿਸ ਚੰਦਾ ਦੀ ਇਕ ਫ਼ੋਟੋ ਸਾਹਮਣੇ ਆਈ ਹੈ ਜਿਸ ਵਿਚ ਉਹ ਭਾਜਪਾ ਆਗੂਆਂ ਨਾਲ ਵਿਖਾਈ ਦੇ ਰਹੇ ਹਨ। ਜਸਟਿਸ ਚੰਦਾ ਨੇ ਇਸ ਮਾਮਲੇ ਵਿਚ 24 ਜੂਨ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਉਨ੍ਹਾਂ ਬੁਧਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਮਮਤਾ ਨੇ ਨਿਆਪਾਲਿਕਾ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਚੰਦਾ ਨੇ ਖ਼ੁਦ ਹੀ ਇਸ ਕੇਸ ਤੋਂ ਹਟਣ ਦਾ ਫ਼ੈਸਲਾ ਕਰ ਲਿਆ ਹੈ। ਪਰ ਉਨ੍ਹਾਂ ਕਿਹਾ, ‘ਇਹ ਸਮਝ ਤੋਂ ਪਰ੍ਹੇ ਹੈ ਕਿ ਇਸ ਕੇਸ ਵਿਚ ਹਿਤਾਂ ਦਾ ਟਕਰਾਅ ਹੈ। ਦਿੱਕਤਾਂ ਪੈਦਾ ਕਰਨ ਵਾਲਿਆਂ ਨੁੰ ਵਿਵਾਦ ਜਾਰੀ ਰੱਖਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਜੇ ਕੇਸ ਨਾਲ ਕੋਈ ਅਣਚਾਹੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਇਹ ਨਿਆਂ ਦੇ ਹਿਤਾਂ ਦੇ ਉਲਟ ਹੋਵੇਗਾ।’ 2 ਮਈ ਨੂੰ ਦੇਸ਼ ਦੇ 4 ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਸਨ। ਮਮਤਾ ਨੰਦੀਗ੍ਰਾਮ ਸੀਟ ਤੋਂ ਭਾਜਪਾ ਦੇ ਸ਼ੁਭੇਂਦਰੂ ਅਧਿਕਾਰੀ ਤੋਂ 1956 ਵੋਟਾਂ ਨਾਲ ਹਾਰ ਗਈ। ਨਤੀਜਿਆਂ ਦੀ ਮੁੜ ਗਿਣਤੀ ਲਈ ਉਹ ਹਾਈ ਕੋਰਟ ਚਲੀ ਗਈ ਸੀ।